Sukhbir Badal

ਬਾਗੀ ਅਕਾਲੀਆਂ ਵੱਲੋਂ ਬਣਾਇਆ ਦਲ ਭਾਜਪਾ ਤੇ ‘ਆਪ’ ਦੀ ਬੀ ਟੀਮ : ਸੁਖਬੀਰ ਬਾਦਲ

ਲੌਂਗੋਵਾਲ, 20 ਅਗਸਤ : ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਸਾਲਾਨਾ ਬਰਸੀ ਅੱਜ ਇੱਥੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਭਾਵੇਂ ਇਸ ਸਬੰਧੀ ਦੋਵੇਂ ਪ੍ਰਮੁੱਖ ਅਕਾਲੀ ਦਲਾਂ ਵੱਲੋਂ ਵੱਖ-ਵੱਖ ਸਟੇਜਾਂ ਲਾਈਆਂ ਗਈਆਂ ਸਨ ਪਰ ਪੰਜਾਬ ਸਰਕਾਰ ਨੇ ਆਪਣਾ ਸਮਾਗਮ ਸੰਖੇਪ ਹੀ ਰੱਖਿਆ। ਅਕਾਲੀ ਦਲ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਨੇ ਆਪਣੇ-ਆਪਣੇ ਦਲ ਨੂੰ ਅਸਲੀ ਅਕਾਲੀ ਦਲ ਅਖਵਾਉਣ ’ਤੇ ਪੱਕੀ ਮੋਹਰ ਲਾਉਣ ਲਈ ਵੱਧ ਤੋਂ ਵੱਧ ਇਕੱਠ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਕਰਵਾਏ ਸਮਾਗਮ ਦੌਰਾਨ ਮੰਚ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਤਹਿਤ ਸੂਬੇ ਦੀ 65 ਹਾਜ਼ਰ ਏਕੜ ਜ਼ਮੀਨ ਕਿਸਾਨਾਂ ਪਾਸੋਂ ਖੋ ਰਹੀ ਸੀ ਪਰ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬ ਦੀ ਜਨਤਾ ਵੱਲੋਂ ਕੀਤੇ ਸੰਘਰਸ਼ ਤੋਂ ਡਰਦਿਆਂ ‘ਆਪ’ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਅਕਾਲੀ ਦਲ ਵੱਲੋਂ 1 ਸਤੰਬਰ ਨੂੰ ਮੋਗਾ ਵਿਖੇ ਇਕ ਵਿਸ਼ਾਲ ਜੇਤੂ ਰੈਲੀ ਕੀਤੀ ਜਾ ਰਹੀ ਹੈ। ਜਿਸ ’ਚ ਪੂਰੇ ਪੰਜਾਬ ਤੋਂ ਲੱਖਾਂ ਦੀ ਗਿਣਤੀ ’ਚ ਵਰਕਰ ਸ਼ਿਰਕਤ ਕਰਨਗੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਦੀ ਇਕੋ-ਇਕ ਪੰਜਾਬ ਹਿਤੈਸ਼ੀ ਪਾਰਟੀ ਹੈ ਜਦੋਂਕਿ ਹੋਰਨਾਂ ਪਾਰਟੀਆਂ ਕੇਂਦਰੀ ਆਗੂਆਂ ਦੇ ਹੁਕਮਾਂ ਅਨੁਸਾਰ ਕੰਮ ਕਰਦੀਆਂ ਹਨ ਜਿਨ੍ਹਾਂ ਨੂੰ ਪੰਜਾਬ ਨਾਲ ਕਿਸੇ ਵੀ ਕਿਸਮ ਦੀ ਅਪਨੱਤ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵੇਂ ਬਣੇ ਅਕਾਲੀ ਦਲ ਦੇ ਸਮਾਗਮ ਵਿਚਲਾ ਨਾਮਾਤਰ ਇਕੱਠ ਅਤੇ ਸਰਕਾਰੀ ਸਮਾਗਮ ਦੇ ਨਾਲ ਇਕੋ ਥਾਂ ’ਤੇ ਕੀਤੇ ਸਮਾਗਮ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਨਵਾਂ ਬਣਿਆ ਅਕਾਲੀ ਦਲ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਬੀ ਟੀਮ ਹੈ।

ਇਸ ਮੌਕੇ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਕਾਈ ਦਿੱਲੀ, ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਮਾਨ, ਹਲਕਾ ਸੁਨਾਮ ਅਤੇ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਜਾਹਿਦਾ ਸੁਲੇਮਾਨ ਹਲਕਾ ਇੰਚਾਰਜ ਮਾਲੇਰਕੋਟਲਾ, ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ, ਸੀਰਾ ਸਿੰਘ ਬਨਭੋਰਾ ਹਲਕਾ ਇੰਚਾਰਜ ਅਮਰਗੜ੍ਹ, ਨਾਹਰ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾਂ, ਹੀਰਾ ਸਿੰਘ ਗਾਬੜੀਆ, ਸੂਬਾ ਪ੍ਰਧਾਨ ਬੀ. ਸੀ. ਵਿੰਗ, ਗੁਲਜਾਰ ਸਿੰਘ ਮੂਨਕ ਹਲਕਾ ਇੰਚਾਰਜ ਦਿੜ੍ਹਬਾ, ਰਣਵੀਰ ਸਿੰਘ ਢਿੱਲੋਂ, ਹਰਪਾਲ ਸਿੰਘ ਖਡਿਆਲ ਯੂਥ ਜ਼ਿਲਾ ਪ੍ਰਧਾਨ, ਸਤਨਾਮ ਸਿੰਘ ਰਾਹੀ, ਬਲਵੀਰ ਸਿੰਘ ਘੁੰਨਸ ਸਾਬਕਾ ਵਿਧਾਇਕ, ਪਰਮਜੀਤ ਕੌਰ ਵਿਰਕ ਪ੍ਰਧਾਨ ਇਸਤਰੀ ਵਿੰਗ, ਕੁਲਵੰਤ ਸਿੰਘ ਕਾਂਤਾ ਹਲਕਾ ਇੰਚਾਰਜ ਬਰਨਾਲਾ, ਪਰਮਜੀਤ ਸਿੰਘ ਖਾਲਸਾ ਆਦਿ ਨੇ ਸੰਬੋਧਨ ਕੀਤਾ।

Read More : ਤੇਜ਼ ਰਫਤਾਰ ਕਾਰ ਨਹਿਰ ’ਚ ਡਿੱਗੀ

Leave a Reply

Your email address will not be published. Required fields are marked *