Home Minister Amit Shah

ਭਾਰਤ ਦੀ ਵੰਡ ਅੰਗਰੇਜ਼ਾਂ ਦੀ ਵੱਡੀ ਸਾਜ਼ਿਸ਼ ਸੀ : ਅਮਿਤ ਸ਼ਾਹ

ਕਿਹਾ-ਵੰਡ ਦਾ ਫ਼ੈਸਲਾ ਜਨਤਾ ਦਾ ਨਹੀਂ, ਕਾਂਗਰਸ ਵਰਕਿੰਗ ਦਾ ਸੀ

ਨਵੀਂ ਦਿੱਲੀ, 12 ਅਕਤੂਬਰ : ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਧਰਮ ਦੇ ਆਧਾਰ ’ਤੇ ਦੇਸ਼ ਦੀ ਵੰਡ ਨੂੰ ਬਹੁਤ ਵੱਡੀ ਗਲਤੀ ਦੱਸਿਆ ਹੈ। ਉਨ੍ਹਾਂ ਨੇ ਨਰਿੰਦਰ ਮੋਹਨ ਯਾਦਗਾਰੀ ਭਾਸ਼ਣ ਵਿਚ ਕਿਹਾ ਕਿ ਵੰਡ ਦਾ ਫ਼ੈਸਲਾ ਦੇਸ਼ ਦੀ ਜਨਤਾ ਦਾ ਨਹੀਂ, ਬਲਕਿ ਕਾਂਗਰਸ ਵਰਕਿੰਗ ਕਮੇਟੀ ਦਾ ਸੀ। ਸ਼ਾਹ ਦੇ ਮੁਤਾਬਕ ਵੰਡ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਗਲਤੀਆਂ ਹੋਈਆਂ ਅਤੇ ਹੁਣ ਮੋਦੀ ਸਰਕਾਰ ਉਨ੍ਹਾਂ ਗਲਤੀਆਂ ਦੀਆਂ ਭੁੱਲਾਂ ਦਾ ਸੁਧਾਰ ਕਰ ਰਹੀ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦੀ ਵੰਡ ਅੰਗਰੇਜ਼ਾਂ ਦੀ ਵੱਡੀ ਸਾਜ਼ਿਸ਼ ਸੀ। ਕਾਂਗਰਸ ਵਰਕਿੰਗ ਕਮੇਟੀ ਨੇ ਵੰਡ ਨੂੰ ਸਵੀਕਾਰ ਕਰ ਕੇ ਇਸ ਸਾਜ਼ਿਸ਼ ਨੂੰ ਸਫ਼ਲ ਬਣਾਉਣ ਦਾ ਕੰਮ ਕੀਤਾ। ਇਸ ਨਾਲ ਭਾਰਤ ਮਾਤਾ ਦੀਆਂ ਦੋਵੇਂ ਬਾਹਾਂ ਨੂੰ ਕੱਟ ਕੇ ਵੱਖ ਕਰ ਦਿਤਾ ਗਿਆ।

ਅਮਿਤ ਸ਼ਾਹ ਨੇ ਸਾਫ਼ ਕੀਤਾ ਕਿ ਭਾਰਤ ਵਿਚ ਹਜ਼ਾਰਾਂ ਸਾਲਾਂ ਤੋਂ ਅਨੇਕ ਪ੍ਰਕਾਰ ਦੇ ਧਰਮ ਰਹੇ ਹਨ ਪਰ ਕਦੀ ਧਰਮ ਦੇ ਆਧਾਰ ’ਤੇ ਵਿਵਾਦ ਨਹੀਂ ਹੋਇਆ। ਜੈਨ ਤੇ ਬੁੱਧ ਧਰਮ ਹਜ਼ਾਰਾਂ ਸਾਲਾਂ ਤੋਂ ਭਾਰਤ ਵਿਚ ਹਨ ਜਦਕਿ ਸਿੱਖ ਧਰਮ ਸੈਂਕੜੇ ਸਾਲਾਂ ਤੋਂ ਇੱਥੇ ਮੌਜੂਦ ਹੈ।

ਉਨ੍ਹਾਂ ਨੇ ਸਵਾਲ ਚੁੱਕਿਆ ਕਿ ਆਖ਼ਰ ਧਰਮ ਦੇ ਆਧਾਰ ’ਤੇ ਰਾਸ਼ਟਰੀਅਤਾ ਦਾ ਨਿਰਧਾਰਣ ਕਿਵੇਂ ਹੋ ਸਕਦਾ ਹੈ? ਸ਼ਾਹ ਦੇ ਮੁਤਾਬਕ ਧਰਮ ਤੇ ਰਾਸ਼ਟਰੀਅਤਾ ਨੂੰ ਵੱਖ-ਵੱਖ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਇਹੀ ਅੱਜ ਸਾਰੇ ਵਿਵਾਦ ਦੀ ਜੜ੍ਹ ਹੈ।

ਅਮਿਤ ਸ਼ਾਹ ਨੇ ਘੁਸਪੈਠ ਅਤੇ ਸ਼ਰਨਾਰਥੀ ਵਿਚਾਲੇ ਅੰਤਰ ਸਪੱਸ਼ਟ ਕਰਦੇ ਹੋਏ ਕਿਹਾ ਕਿ ਵੰਡ ਦੇ ਸੰਦਰਭ ਵਿਚ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਜਿਨ੍ਹਾਂ ਨਾਲ ਬੇਇਨਸਾਫ਼ੀ ਹੋਈ, ਉਹ ਸ਼ਰਨਾਰਥੀ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸਮੇਂ ਦੇ ਹਾਲਾਤ ਨੂੰ ਦੇਖਦੇ ਹੋਏ ਪਾਕਿਸਤਾਨ ਵਿਚ ਫਸੇ ਹਿੰਦੂਆਂ ਨੂੰ ਬਾਅਦ ਵਿਚ ਭਾਰਤ ਆਉਣ ਅਤੇ ਨਾਗਰਿਕਤਾ ਦੇਣ ਦਾ ਭਰੋਸਾ ਦਿਤਾ ਗਿਆ ਸੀ ਪਰ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਸ਼ਾਹ ਨੇ ਕਿਹਾ ਗ੍ਰਹਿ ਮੰਤਰੀ ਦੇ ਰੂਪ ਵਿਚ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਿੰਨਾ ਹੱਕ ਮੇਰਾ ਇਸ ਦੇਸ਼ ਦੀ ਮਿੱਟੀ ’ਤੇ ਹੈ, ਓਨਾ ਹੀ ਪਾਕਿਸਤਾਨ ਤੇ ਬੰਗਲਾਦੇਸ਼ ਦੇ ਹਿੰਦੂਆਂ ਦਾ ਵੀ ਹੈ।

Read More : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੀਫ਼ ਜਸਟਿਸ ‘ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਦੀ ਆਲੋਚਨਾ

Leave a Reply

Your email address will not be published. Required fields are marked *