ਅਜਨਾਲਾ, 19 ਅਗਸਤ : ਅੱਜ ਇੱਥੇ ਸਾਬਕਾ ਲੋਕ ਸਭਾ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੇ ਗ੍ਰਹਿ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਪੰਜ ਮੈਂਬਰੀ ਕਮੇਟੀ ਦੀ ਲੋਕ ਰਾਏ ਅਨੁਸਾਰ ਪੰਥਕ ਰਾਜਨੀਤੀ ਨੂੰ ਪੰਜਾਬ ਅੰਦਰ ਮੁੜ ਸੁਰਜੀਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਧੜੇ ਹੇਠ ਹੋਂਦ ’ਚ ਲਿਆਂਦੇ ਗਏ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਭਾਵਸ਼ਾਲੀ ਮੀਟਿੰਗ ਦਲ ਦੀ ਮਜਬੂਤੀ ਲਈ ਹੋਈ।
ਮੀਟਿੰਗ ਵਿਚ ਪੁੱਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਦਲ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਨੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਪੁਰਖਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਪਾਰਟੀ ਨੂੰ ਪੰਜਾਬ ਦੇ ਭਲੇ ਹਿੱਤ ਅਤੇ ਪੰਥਕ ਮਾਮਲਿਆਂ ਨੂੰ ਨਿਵਾਰਨ ਲਈ ਹੀ ਹੋਂਦ ਵਿਚ ਲਿਆਂਦਾ ਗਿਆ ਸੀ ਪਰ ਪਿਛਲੇ ਸਮੇਂ ਅੰਦਰ ਸ਼੍ਰੋਮਣੀ ਅਕਾਲੀ ਦਲ ਇਕ ਵਿਸ਼ੇਸ਼ ਧੜੇ ਦੀ ਨਿੱਜੀ ਪਾਰਟੀ ਬਣ ਕੇ ਰਹਿ ਗਿਆ ਸੀ, ਜਿਸ ਕਾਰਨ ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਘਰਾਂ ਅੰਦਰ ਬਿਠਾ ਦਿੱਤਾ ਗਿਆ ਸੀ। ਜਿਨ੍ਹਾਂ ਵਿਚ ਬਜ਼ੁਰਗ ਸਿਆਸਤਦਾਨ ਟਕਸਾਲੀ ਅਕਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਦਾ ਨਾਂ ਵੀ ਮੋਹਰਲੀਆਂ ਸਿਆਸੀ ਸਫਾਂ ਵਿੱਚ ਆਉਂਦਾ ਹੈ।
ਇਸ ਮੌਕੇ ਹਾਜ਼ਰ ਪ੍ਰਮੁੱਖ ਪੰਥਕ ਸ਼ਖਸ਼ੀਅਤਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ ਸਮੇਤ ਹਰਬੰਸ ਸਿੰਘ ਮੰਝਪੁਰ, ਅਮਰੀਕ ਸਿੰਘ ਸ਼ਾਹਪੁਰ, ਕਸ਼ਮੀਰ ਸਿੰਘ ਅਤੇ ਗੁਰਵਿੰਦਰ ਸਿੰਘ ਸ਼ਾਮਪੁਰਾ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ) ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹਲਕਾ ਅਜਨਾਲਾ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਡਾ. ਅਵਤਾਰ ਕੌਰ ਅਜਨਾਲਾ, ਅਜੇਪਾਲ ਸਿੰਘ ਮੀਰਾਂਕੋਟ, ਕੈਟੀ ਪਰਮਪਾਲ ਸਿੰਘ ਅਜਨਾਲਾ, ਸਾਬਕਾ ਚੇਅਰਮੈਨ ਬਲਜੀਤ ਸਿੰਘ ਚਮਿਆਰੀ ਆਦਿ ਮੌਜੂਦ ਸਨ।
Read More : ਵਾਣੀ ਸਕੂਲ ਫਾਰ ਹੀਅਰਿੰਗ ਇੰਪੇਅਰਡ ਤੋਂ ਹੋਏ ਬੇਹੱਦ ਪ੍ਰਭਾਵਿਤ ਗੁਲਾਬ ਚੰਦ ਕਟਾਰੀਆ