UGC NET ਪ੍ਰੀਖਿਆ ਵਿੱਚ ਹਾਸਲ ਕੀਤਾ ਆਲ ਇੰਡੀਆ ਪਹਿਲਾ ਰੈਂਕ
ਚੰਡੀਗੜ੍ਹ, 13 ਫਰਵਰੀ : ਪੰਜਾਬ ਯੂਨੀਵਰਸਿਟੀ ਦੀ ਪੀਐਚਡੀ ਰਿਸਰਚ ਸਕੋਲਰ ਦੀਕਸ਼ਾ ਮੱਕੜ ਨੇ ਦਸੰਬਰ 2025 ਦੀਆਂ ਯੂਜੀਸੀ ਪ੍ਰੀਖਿਆਵਾਂ ਵਿੱਚ ਦੇਸ਼ ਭਰ ਵਿੱਚੋਂ ਪਹਿਲਾ ਰੈਂਕ (AIR 1) ਹਾਸਲ ਕਰਕੇ ਯੂਨੀਵਰਸਿਟੀ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਦੀਕਸ਼ਾ ਨੇ ‘ਪਬਲਿਕ ਐਡਮਿਨਿਸਟ੍ਰੇਸ਼ਨ’ ਵਿਸ਼ੇ ਵਿੱਚ ਯੂਜੀਸੀ ਨੈੱਟ (UGC NET) ਦੀ ਪ੍ਰੀਖਿਆ ਪਾਸ ਕਰਕੇ ਇਹ ਉਪਲਬਧੀ ਦਰਜ ਕੀਤੀ ਹੈ।
ਮੂਲ ਰੂਪ ਵਿੱਚ ਅੰਬਾਲਾ ਦੀ ਰਹਿਣ ਵਾਲੀ ਦੀਕਸ਼ਾ ਪਿਛਲੇ ਤਿੰਨ ਸਾਲਾਂ ਤੋਂ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਪੰਜਵੀਂ ਕੋਸ਼ਿਸ਼ ਸੀ। ਪਿਛਲੀਆਂ ਚਾਰ ਕੋਸ਼ਿਸ਼ਾਂ ਦੌਰਾਨ ਉਹ ਮਹਿਜ਼ ਕੁਝ ਅੰਕਾਂ ਦੇ ਫਰਕ ਨਾਲ ਨੈੱਟ ਪਾਸ ਕਰਨ ਤੋਂ ਰਹਿ ਜਾਂਦੀ ਸੀ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਦੀਕਸ਼ਾ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਮਿਸਾਲ ਬਣ ਕੇ ਉਭਰੀ ਹੈ ਜੋ ਛੋਟੀਆਂ ਅਸਫਲਤਾਵਾਂ ਤੋਂ ਘਬਰਾ ਕੇ ਆਪਣਾ ਰਸਤਾ ਬਦਲ ਲੈਂਦੇ ਹਨ।
ਦੀਕਸ਼ਾ ਸਿਰਫ਼ ਪੜ੍ਹਾਈ ਵਿੱਚ ਹੀ ਅੱਗੇ ਨਹੀਂ ਹੈ, ਸਗੋਂ ਉਹ ਇੱਕ ਬਹੁਪੱਖੀ ਸ਼ਖ਼ਸੀਅਤ ਦੀ ਮਾਲਕ ਹੈ। ਉਹ ਸੋਸ਼ਲ ਮੀਡੀਆ ‘ਤੇ ਇੱਕ influencer ਵਜੋਂ ਵੀ ਸਰਗਰਮ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੇਂਟਿੰਗ ਕਰਨ ਅਤੇ ਕੱਥਕ ਨ੍ਰਿਤ ਦਾ ਵੀ ਬਹੁਤ ਸ਼ੌਕ ਹੈ। ਦੀਕਸ਼ਾ ਅਨੁਸਾਰ, ਅਸਫਲਤਾ ਤੋਂ ਬਾਅਦ ਨਿਰਾਸ਼ਾ ਹੋਣਾ ਕੁਦਰਤੀ ਹੈ, ਪਰ ਆਪਣੇ ਨਿਸ਼ਾਨੇ ‘ਤੇ ਟਿਕੇ ਰਹਿਣਾ ਹੀ ਸਫਲਤਾ ਦੀ ਕੁੰਜੀ ਹੈ। ਲਗਾਤਾਰ ਤਿੰਨ ਸਾਲਾਂ ਦੀ ਸਖ਼ਤ ਮਿਹਨਤ ਸਦਕਾ ਅੱਜ ਉਹ ਦੇਸ਼ ਭਰ ਵਿੱਚੋਂ ਅੱਵਲ ਰਹੀ ਹੈ।
Read More : ਟੀ-20 ਵਿਸ਼ਵ ਕੱਪ 2026 ਦਾ ਸਭ ਤੋਂ ਵੱਡਾ ਉਲਟਫੇਰ
