ਤਰਨਤਾਰਨ, 16 ਦਸੰਬਰ : ਜ਼ਿਲਾ ਤਰਨ-ਤਾਰਨ ਵਿਚ ਥਾਣਾ ਸਦਰ ਅਧੀਨ ਆਉਂਦੇ ਪਿੰਡ ਬਾਗੜੀਆਂ ਵਿਚੋਂ ਪਾਕਿਸਤਾਨੀ ਗੁਬਾਰਾ ਅਤੇ ਇਕ ਕਾਗਜ਼ ਦਾ ਟੁਕੜਾ ਮਿਲਿਆ ਹੈ, ਜਿਸ ਉਪਰ ਪੈਨ ਨਾਲ ਯੂ.ਆਈ.ਡੀ ਨੰਬਰ ਲਿਖੇ ਹੋਏ ਹਨ। ਇਸ ਗੁਬਾਰੇ ਨੂੰ ਥਾਣਾ ਸਦਰ ਤਰਨਤਾਰਨ ਦੀ ਪੁਲਸ ਵੱਲੋਂ ਕਬਜ਼ੇ ਵਿਚ ਲੈਂਦੇ ਹੋਏ ਜਿੱਥੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਹੀ ਖੁਫੀਆ ਵਿਭਾਗ ਵੱਲੋਂ ਵੱਖਰੇ ਤੌਰ ਉਪਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਬਾਗੜੀਆਂ ਦੇ ਰਸਤੇ ਵਿਚ ਮੰਗਲਵਾਰ ਦੇਰ ਸ਼ਾਮ ਇਕ ਪਾਕਿਸਤਾਨੀ ਗੁਬਾਰੇ ਦੇ ਮਿਲਣ ਦੀ ਸੂਚਨਾ ਪ੍ਰਾਪਤ ਹੋਈ, ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਦਿੱਤੀ ਗਈ। ਬਰਾਮਦ ਗੁਬਾਰੇ ਨਾਲ ਇਕ ਛੋਟਾ ਕਾਗਜ਼ ਦਾ ਟੁਕੜਾ ਵੀ ਮਿਲਿਆ ਹੈ, ਜਿਸ ਉਪਰ ਅੰਗਰੇਜ਼ੀ ਭਾਸ਼ਾ ਵਿਚ 2 ਯੂ.ਆਈ.ਡੀ ਨੰਬਰ ਅਤੇ 2 ਲੈਵਲ ਲਿਖੇ ਗਏ ਸਾਫ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਪੈਨ ਨਾਲ ਖਤਰੇ ਦਾ ਨਿਸ਼ਾਨ ਵੀ ਬਣਾਇਆ ਹੈ, ਜੋ ਜ਼ਿਆਦਾਤਰ ਕਿਸੇ ਦੇ ਜਾਨੀ ਨੁਕਸਾਨ ਹੋਣ ਸਬੰਧੀ ਬਣਿਆ ਹੁੰਦਾ ਹੈ। ਇਸ ਕਾਗਜ਼ ਦੇ ਟੁਕੜੇ ਉਪਰ ਉਰਦੂ ਭਾਸ਼ਾ ਵੀ ਪ੍ਰਿੰਟ ਹੋਈ ਹੈ। ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਜਿੱਥੇ ਭਾਰਤ ਦਾ ਮਾਹੌਲ ਖਰਾਬ ਕਰਨ ਲਈ ਆਏ ਦਿਨ ਕੋਈ ਨਾ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਤੋਂ ਇਲਾਵਾ ਹਥਿਆਰਾਂ ਦੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ।
ਇਸੇ ਲੜੀ ਦੇ ਤਹਿਤ ਪੁਲਸ ਅਤੇ ਖੁਫੀਆ ਵਿਭਾਗ ਵੱਲੋਂ ਬਰੀਕੀ ਨਾਲ ਇਸ ਬਰਾਮਦ ਕੀਤੇ ਗਏ ਗੁਬਾਰੇ ਦੇ ਨਾਲ ਕਾਗਜ਼ ਦੇ ਟੁਕੜੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਕੀਤੇ ਗਏ ਟੁਕੜੇ ਉਪਰ ਕੋਡ ਵਰਡ ਦੇ ਹਿਸਾਬ ਨਾਲ ਯੂ.ਆਈ.ਡੀ ਨੰਬਰ ਲਿਖੇ ਗਏ ਹਨ ਅਤੇ ਇਸ ਦੇ ਨਾਲ ਦੋ ਤਰ੍ਹਾਂ ਦੇ ਲੈਵਲ ਵੀ ਦੱਸੇ ਗਏ ਹਨ ਜੋ ਕਿਸੇ ਡਰੋਨ ਰਾਹੀਂ ਭੇਜੀ ਜਾਣ ਵਾਲੀ ਸਮਗਰੀ ਨਾਲ ਵੀ ਜੁੜੇ ਹੋ ਸਕਦੇ ਹਨ।
Read More : ਮਨੀ ਚੇਂਜਰ ਤੋਂ ਪਿਸਤੌਲ ਦੀ ਨੋਕ ’ਤੇ 5 ਲੱਖ ਰੁਪਏ ਲੁੱਟੇ
