Pakistan T20 Cricket League

ਦਰਸ਼ਕਾਂ ਤੋਂ ਬਿਨਾਂ ਹੋਣਗੇ ਪਾਕਿਸਤਾਨ ਸੁਪਰ ਲੀਗ ਦੇ ਮੈਚ

PSL ਦਾ ਉਦਘਾਟਨ ਸਮਾਰੋਹ ਰੱਦ; ਮੋਹਸਿਨ ਨਕਵੀ ਨੇ ਇੰਧਨ ਦੀ ਘਾਟ ਕਾਰਨ ਲਿਆ ਫੈਸਲਾ

ਇਸਲਾਮਾਬਾਦ, 23 ਮਾਰਚ : ਮੱਧ-ਪੂਰਬ ਵਿਚ ਜੰਗ ਕਾਰਨ ਪੈਦਾ ਹੋਏ ਤੇਲ ਸੰਕਟ ਨੇ ਪਾਕਿਸਤਾਨ ਸੁਪਰ ਲੀਗ (PSL) ਦੇ ਰੰਗ ਵਿਚ ਭੰਗ ਪਾ ਦਿੱਤੀ ਹੈ। ਪੀਸੀਬੀ ਚੇਅਰਮੈਨ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਐਲਾਨ ਕੀਤਾ ਹੈ ਕਿ ਲਾਹੌਰ ਵਿੱਚ ਹੋਣ ਵਾਲਾ ਉਦਘਾਟਨ ਸਮਾਰੋਹ ਰੱਦ ਕਰ ਦਿੱਤਾ ਗਿਆ ਹੈ। ਹੁਣ ਇਹ ਲੀਗ 26 ਮਾਰਚ ਤੋਂ ਸ਼ੁਰੂ ਤਾਂ ਹੋਵੇਗੀ, ਪਰ ਮੈਚ ਸਟੇਡੀਅਮ ਵਿੱਚ ਦਰਸ਼ਕਾਂ ਦੇ ਬਿਨਾਂ ਅਤੇ ਸਿਰਫ਼ ਲਾਹੌਰ ਤੇ ਕਰਾਚੀ ਦੇ ਦੋ ਮੈਦਾਨਾਂ ਵਿਚ ਹੀ ਖੇਡੇ ਜਾਣਗੇ।

ਮੋਹਸਿਨ ਨਕਵੀ ਨੇ ਕਿਹਾ ਕਿ ਤੇਲ ਸੰਕਟ ਕਾਰਨ ਆਵਾਜਾਈ ਘਟਾਉਣਾ ਲਾਜ਼ਮੀ ਸੀ, ਇਸ ਲਈ ਰਾਵਲਪਿੰਡੀ, ਫੈਸਲਾਬਾਦ, ਮੁਲਤਾਨ ਅਤੇ ਪੇਸ਼ਾਵਰ ਵਿੱਚ ਮੈਚ ਨਹੀਂ ਕਰਵਾਏ ਜਾ ਰਹੇ। ਉਨ੍ਹਾਂ ਖਾਸ ਤੌਰ ‘ਤੇ ਪੇਸ਼ਾਵਰ ਤੋਂ ਮੁਆਫ਼ੀ ਮੰਗੀ, ਜਿੱਥੇ ਪਹਿਲੀ ਵਾਰ ਮੈਚ ਹੋਣੇ ਸਨ। ਬੋਰਡ ਨੇ ਵੇਚੀਆਂ ਗਈਆਂ ਟਿਕਟਾਂ ਦੀ ਰਕਮ 72 ਘੰਟਿਆਂ ਵਿਚ ਵਾਪਸ ਕਰਨ ਅਤੇ ਫ੍ਰੈਂਚਾਈਜ਼ ਮਾਲਕਾਂ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਹੈ।

ਦੂਜੇ ਪਾਸੇ ਸੁਰੱਖਿਆ ਅਤੇ ਨਿੱਜੀ ਕਾਰਨਾਂ ਕਰਕੇ ਕਈ ਵਿਦੇਸ਼ੀ ਖਿਡਾਰੀ ਵੀ ਲੀਗ ਤੋਂ ਹਟ ਗਏ ਹਨ। ਇਨ੍ਹਾਂ ਵਿਚ ਆਸਟ੍ਰੇਲੀਆ ਦੇ ਜੇਕ ਫ੍ਰੇਜ਼ਰ-ਮੈਕਗਰਕ ਅਤੇ ਸਪੈਂਸਰ ਜੌਨਸਨ, ਦੱਖਣੀ ਅਫ਼ਰੀਕਾ ਦੇ ਔਟਨੀਲ ਬਾਰਟਮੈਨ ਅਤੇ ਵੈਸਟ ਇੰਡੀਜ਼ ਦੇ ਗੁਡਾਕੇਸ਼ ਮੋਟੀ ਸ਼ਾਮਲ ਹਨ। ਲੀਗ ਦਾ ਪਹਿਲਾ ਮੈਚ ਹੁਣ ਲਾਹੌਰ ਦੇ ਗੱਧਾਫੀ ਸਟੇਡੀਅਮ ਵਿੱਚ ਖਾਲੀ ਸਟੈਂਡਾਂ ਦੇ ਵਿਚਕਾਰ ਖੇਡਿਆ ਜਾਵੇਗਾ।

Read More : ਚੰਡੀਗੜ੍ਹ : ਇੰਡਸਟਰੀਅਲ ਏਰੀਆ ਦੀ ਇਲੈਕਟ੍ਰਾਨਿਕਸ ਦੁਕਾਨ ‘ਚ ਲੱਗੀ ਭਿਆਨਕ ਅੱਗ

Leave a Reply

Your email address will not be published. Required fields are marked *