ਪਟਿਆਲਾ, 25 ਅਗਸਤ : ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ. ਡੀ. ਏ.) ਵੱਲੋਂ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਅਤੇ ਵਧੀਕ ਮੁੱਖ ਪ੍ਰਸ਼ਾਸਕ ਜਸ਼ਨਪ੍ਰੀਤ ਕੌਰ ਦੀ ਅਗਵਾਈ ਹੇਠ ਪਿੰਡ ਬਾਰਨ, ਫਾਰਮ ਬਹਾਦਰਗੜ੍ਹ ਅਤੇ ਚੌਰਾ ਵਿਖੇ ਅਣ-ਅਧਿਕਾਰਤ ਕਾਲੋਨੀਆਂ ਨੂੰ ਢਾਹ ਦਿੱਤਾ ਗਿਆ ਹੈ।
ਇਸ ਮੁਹਿੰਮ ਤਹਿਤ ਪੀ. ਡੀ. ਏ. ਅਧਿਕਾਰੀਆਂ ਵੱਲੋਂ ਸਪੱਸ਼ਟ ਸੰਦੇਸ਼ ਦਿੱਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਅਣ-ਅਧਿਕਾਰਤ ਕਾਲੋਨੀ ਦੀ ਉਸਾਰੀ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਆਮ ਜਨਤਾ ਨੂੰ ਇਨ੍ਹਾਂ ਕਾਲੋਨੀਆਂ ’ਚ ਆਪਣੀ ਪੂੰਜੀ ਨਿਵੇਸ਼ ਕਰਨ ਤੋਂ ਬਚਾਇਆ ਜਾ ਸਕੇ ਅਤੇ ਜ਼ਿਲੇ ’ਚ ਹੋ ਰਹੇ ਗੈਰ-ਯੋਜਨਾਬੱਧ ਵਿਕਾਸ ਨੂੰ ਰੋਕਿਆ ਜਾ ਸਕੇ।
ਪੀ. ਡੀ. ਏ. ਅਧਿਕਾਰੀਆਂ ਵੱਲੋਂ ਇਹ ਵੀ ਸੰਦੇਸ਼ ਦਿੱਤਾ ਗਿਆ ਕਿ ਆਮ ਜਨਤਾ ਵੱਲੋਂ ਕਿਸੇ ਵੀ ਅਣ-ਅਧਿਕਾਰਤ ਕਾਲੋਨੀ ’ਚ ਬਿਲਡਿੰਗ/ਪਲਾਟ ਖ਼ਰੀਦ ਕੇ ਆਪਣੀ ਜਮਾਂ ਪੂੰਜੀ ਕਿਸੇ ਅਣ-ਅਧਿਕਾਰਤ ਕਾਲੋਨੀ ’ਚ ਨਿਵੇਸ਼ ਨਾ ਕੀਤੀ ਜਾਵੇ ਤਾਂ ਜੋ ਭਵਿੱਖ ’ਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਮ ਜਨਤਾ ਲਈ ਇਹ ਜ਼ਰੂਰੀ ਹੈ ਕਿ ਕੋਈ ਵੀ ਬਿਲਡਿੰਗ/ਪਲਾਟ ਖ਼ਰੀਦਣ ਜਾਂ ਲੀਜ਼ ’ਤੇ ਲੈਣ ਤੋਂ ਪਹਿਲਾਂ ਉਸ ਦੀ ਪ੍ਰਵਾਨਗੀ ਸਬੰਧੀ ਪੀ. ਡੀ. ਏ. ਦਫ਼ਤਰ ਪਾਸੋਂ ਪ੍ਰਾਪਤ ਕਰ ਲਈ ਜਾਵੇ।
ਅਧਿਕਾਰੀਆਂ ਵੱਲੋਂ ਇਹ ਵੀ ਸੂਚਿਤ ਕੀਤਾ ਗਿਆ ਕਿ ਇਨ੍ਹਾਂ ਕਾਲੋਨੀਆਂ ਤੋਂ ਇਲਾਵਾ ਕੁਝ ਹੋਰ ਅਣ-ਅਧਿਕਾਰਤ ਕਾਲੋਨਾਈਜ਼ਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਜੇਕਰ ਇਸ ਸਬੰਧੀ ਕੋਈ ਪੁਖ਼ਤਾ ਜਵਾਬ ਜਾਂ ਦਸਤਾਵੇਜ਼ ਨੋਟਿਸ ’ਚ ਦਿੱਤੇ ਸਮੇਂ ਦੌਰਾਨ ਪ੍ਰਾਪਤ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਵਿਰੁੱਧ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਪਾਪਰਾ ਐਕਟ 1995 ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਵੀ ਦਰਜ ਕਰਵਾਈ ਜਾਵੇਗੀ।
ਇਸ ਕਾਰਵਾਈ ਦੌਰਾਨ ਸੀਮਾ ਕੌਸ਼ਲ (ਜ਼ਿਲਾ ਨਗਰ ਯੋਜਨਾਕਾਰ), ਗੁਰਿੰਦਰ ਸਿੰਘ (ਸਹਾਇਕ ਨਗਰ ਯੋਜਨਾਕਾਰ), ਗੁਰਪ੍ਰੀਤ ਸਿੰਘ (ਜੂਨੀਅਰ ਇੰਜੀਨੀਅਰ), ਸੰਜੀਵ ਕੁਮਾਰ (ਜੂਨੀਅਰ ਇੰਜੀਨੀਅਰ), ਪੰਕਜ ਗਰਗ ਅਤੇ ਪਰਮਵੀਰ ਸਿੰਘ (ਜੂਨੀਅਰ ਇੰਜੀਨੀਅਰ) ਆਦਿ ਹਾਜ਼ਰ ਸਨ।
Read More : ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ