ਚੰਡੀਗੜ੍ਹ, 15 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਰੱਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਝੂਠਾ ਪ੍ਰਚਾਰ ਇਸ ਲਈ ਸ਼ੁਰੂ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਵੱਡੀ ਹਾਰ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਸਥਾਨਕ ਚੋਣਾਂ ਪੂਰੀ ਤਰ੍ਹਾਂ ਸ਼ਾਂਤੀਪੂਰਨ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਬਿਨਾਂ ਕਿਸੇ ਡਰ ਜਾਂ ਦਬਾਅ ਤੋਂ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਕਈ ਸਾਲਾਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ’ਚ ਲੋਕ ਲੰਬੀਆਂ ਕਤਾਰਾਂ ’ਚ ਖੜ੍ਹੇ ਹੋ ਕੇ ਵੋਟਾਂ ਪਾਉਂਦੇ ਦੇਖੇ ਗਏ। ਇਹ ਆਪਣੇ ਆਪ ’ਚ ਸਾਬਤ ਕਰਦਾ ਹੈ ਕਿ ਮਾਹੌਲ ਆਜ਼ਾਦ, ਨਿਰਪੱਖ ਤੇ ਡਰ-ਮੁਕਤ ਸੀ। ਵੋਟਰ ਹੁਣ ਇਨ੍ਹਾਂ ਜ਼ਮੀਨੀ ਪੱਧਰ ਦੀਆਂ ਸੰਸਥਾਵਾਂ ਦੀ ਮਹੱਤਤਾ ਬਾਰੇ ਜਾਗਰੂਕ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਬੂਥ ਕੈਪਚਰਿੰਗ, ਧਾਂਦਲੀ ਅਤੇ ਡਰਾਉਣ-ਧਮਕਾਉਣ ਦੇ ਉਨ੍ਹਾਂ ਦੇ ਦਾਅਵੇ ਬੇਬੁਨਿਆਦ ਅਤੇ ਮਨਘੜਤ ਹਨ। ਪਹਿਲਾਂ ਇਨ੍ਹਾਂ ਪਾਰਟੀਆਂ ਨੇ ਦੋਸ਼ ਲਾਇਆ ਸੀ ਕਿ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰਨ ਦਿੱਤੇ ਗਏ। ਹੁਣ ਜਦੋਂ ਅੰਤਮ ਸੂਚੀ ਸਾਹਮਣੇ ਆਈ ਹੈ ਤਾਂ ਇਹ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣਾਂ ਲੜੀਆਂ ਹਨ। ਇਹ ਵਿਰੋਧੀ ਧਿਰ ਦੇ ਝੂਠ ਨੂੰ ਨੰਗਾ ਕਰਦਾ ਹੈ। ਵਿਰੋਧੀ ਧਿਰ ਨੇ ਨਤੀਜਿਆਂ ਤੋਂ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਲੋਕਾਂ ਦੇ ਫ਼ਤਵੇ ਤੋਂ ਪੂਰੀ ਤਰ੍ਹਾਂ ਜਾਣੂ ਹੈ।
ਉਨ੍ਹਾਂ ਕਿਹਾ ਕਿ ਸਿਰਫ਼ 16 ਬੂਥਾਂ ‘ਤੇ ਚੋਣਾਂ ਤਕਨੀਕੀ ਕਾਰਨਾਂ ਕਰਕੇ ਰੱਦ ਕੀਤੀਆਂ ਗਈਆਂ ਸਨ ਜਿਵੇਂ ਕਿ ਚੋਣ ਨਿਸ਼ਾਨ ਜਾਂ ਉਮੀਦਵਾਰਾਂ ਦੇ ਨਾਵਾਂ ਦੀ ਗ਼ਲਤ ਛਪਾਈ, ਨਾ ਕਿ ਹਿੰਸਾ ਕਾਰਨ।
Read More : ਜ਼ਮੀਨਾਂ ਦੇ ਪੈਸੇ ਨਾ ਮਿਲਣ ’ਤੇ ਕਿਸਾਨਾਂ ਨੇ ਹਾਈਵੇ ਦਾ ਕੰਮ ਰੋਕਿਆ
