ਚੰਡੀਗੜ੍ਹ, 5 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵਿਰੋਧੀ ਧਿਰ, ਖਾਸ ਕਰ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਉਹ ਸੂਬੇ ਦੀ ਕਾਨੂੰਨ ਵਿਵਸਥਾ ਵਿਗੜਣ ਦਾ ਵਾਰ-ਵਾਰ ਦਾਅਵਾ ਕਰ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਕ ਪ੍ਰੈੱਸ ਕਾਨਫਰੰਸ ਦੌਰਾਨ ਪੰਨੂ ਨੇ ਕਿਹਾ ਕਿ ਪੰਜਾਬ ਦੇਸ਼ ਦੇ ਸਭ ਤੋਂ ਸੁਰੱਖਿਅਤ ਅਤੇ ਸਥਿਰ ਸੂਬਿਆਂ ’ਚੋਂ ਇਕ ਹੈ, ਖਾਸ ਕਰ ਕੇ ਭਾਜਪਾ ਸ਼ਾਸਿਤ ਸੂਬਿਆਂ ਜਿਵੇਂ ਕਿ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁਕਾਬਲੇ, ਜਿਥੇ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਚੁੱਕੀ ਹੈ।
ਪੰਨੂ ਨੇ ਕਿਹਾ ਕਿ ਜਨਤਕ ਸੁਰੱਖਿਆ ਲਈ ਅਸਲੀ ਖ਼ਤਰਾ ਪੰਜਾਬ ਤੋਂ ਨਹੀਂ, ਸਗੋਂ ਉਨ੍ਹਾਂ ਸਿਆਸੀ ਤਾਕਤਾਂ ਤੋਂ ਹੈ, ਜੋ ਗੈਂਗਸਟਰਾਂ ਨੂੰ ਸਰਗਰਮੀ ਨਾਲ ਮਦਦ ਕਰ ਰਹੀਆਂ ਹਨ। ਉਨ੍ਹਾਂ ਨੇ ਗੁਜਰਾਤ ਦੀ ਜੇਲ ਅੰਦਰੋਂ ਕਥਿਤ ਤੌਰ ’ਤੇ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇਕ ਵਾਇਰਲ ਆਡੀਓ ਕਾਲ ਦਾ ਹਵਾਲਾ ਦਿੱਤਾ। ਪੰਨੂ ਨੇ ਕਿਹਾ ਕਿ ਭਾਜਪਾ ਦੀ ਨਿਗਰਾਨੀ ਹੇਠ ਗੁਜਰਾਤ ਦੀ ਇਕ ਉੱਚ-ਸੁਰੱਖਿਆ ਜੇਲ ’ਚ ਬੰਦ ਇਕ ਗੈਂਗਸਟਰ ਖੁੱਲ੍ਹੇਆਮ ਫੋਨ ਕਰ ਰਿਹਾ ਹੈ, ਧਮਕੀਆਂ ਦੇ ਰਿਹਾ ਹੈ ਅਤੇ ਇਥੋਂ ਤੱਕ ਕਿ ਗੈਂਗ ਵਾਰ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਵੱਲੋਂ ਚਲਾਈ ਜਾ ਰਹੀ ਜੇਲ ਅੰਦਰ ਗੈਂਗਸਟਰਾਂ ਨੂੰ ਮੋਬਾਈਲ ਫੋਨ ਤੱਕ ਪਹੁੰਚ ਕਿਵੇਂ ਮਿਲ ਰਹੀ ਹੈ?
ਉਨ੍ਹਾਂ ਕਿਹਾ ਕਿ ਇਸ ਗੈਂਗਸਟਰ ਨੇ ਹਾਲ ਹੀ ਵਿਚ ਆਪਣੇ ਸਾਬਕਾ ਸਾਥੀ ਦੇ ਕਤਲ ਤੋਂ ਪਹਿਲਾਂ ਵੀ ਧਮਕੀਆਂ ਦਿੱਤੀਆਂ ਸਨ, ਇਹ ਕਤਲ ਕਥਿਤ ਤੌਰ ’ਤੇ ਬਿਸ਼ਨੋਈ ਵੱਲੋਂ ਹੀ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ, ‘ਇਹ ਪੂਰੀ ਆਡੀਓ ਕਲਿੱਪ, ਜੋ ਸਵੇਰ ਤੋਂ ਹਰ ਨਿਊਜ਼ ਚੈਨਲ ’ਤੇ ਚੱਲ ਰਹੀ ਹੈ, ਇਹ ਬੇਨਕਾਬ ਕਰਦੀ ਹੈ ਕਿ ਭਾਜਪਾ ਕਿਵੇਂ ਵਪਾਰੀਆਂ, ਗਾਇਕਾਂ ਅਤੇ ਕਲਾਕਾਰਾਂ ਨੂੰ ਫੋਨ ਰਾਹੀਂ ਫਿਰੌਤੀ ਦੀਆਂ ਕਾਲਾਂ ਦੀ ਸਹੂਲਤ ਦੇ ਕੇ ਪੰਜਾਬ ਵਿਚ ਡਰ ਦਾ ਮਾਹੌਲ ਪੈਦਾ ਕਰਨ ਵਿਚ ਸਹਾਇਤਾ ਕਰ ਰਹੀ ਹੈ।’
ਉਨ੍ਹਾਂ ਦਾ ਮੰਤਵ ਸਪੱਸ਼ਟ ਹੈ, ਡਰ ਪੈਦਾ ਕਰੋ ਅਤੇ ਪੰਜਾਬ ਅਤੇ ਇਸ ਦੀ ਸਰਕਾਰ ਨੂੰ ਬਦਨਾਮ ਕਰੋ।’ਪੰਨੂ ਨੇ ਪੰਜਾਬੀਆਂ ਨੂੰ ਸਾਜ਼ਿਸ਼ ਪ੍ਰਤੀ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ।
Read More : ਕਾਂਗਰਸ ਸਰਕਾਰ ਆਉਣ ’ਤੇ ਧੱਕੇਸ਼ਾਹੀ ਕਰਨ ਵਾਲੇ ਅਫਸਰਾਂ ਨੂੰ ਨਹੀਂ ਬਖਸ਼ਾਂਗੇ : ਰਾਜਾ ਵੜਿੰਗ
