ਸੰਗਰੂਰ

’ਆਪਰੇਸ਼ਨ ਪ੍ਰਹਾਰ-2’ : ਸੰਗਰੂਰ ਪੁਲਸ ਦੀ 301 ਥਾਵਾਂ ’ਤੇ ਛਾਪੇਮਾਰੀ, 148 ਅਪਰਾਧੀ ਗ੍ਰਿਫ਼ਤਾਰ

ਇੰਟਰਪੋਲ ਦੇ ਸਿਲਵਰ ਨੋਟਿਸ ਰਾਹੀਂ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਦੀ ਜਾਇਦਾਦ ਕੀਤੀ ਜਾਵੇਗੀ ਜ਼ਬਤ : ਐਲ.ਕੇ. ਯਾਦਵ

ਸੰਗਰੂਰ, 11 ਫਰਵਰੀ : ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਐਲ.ਕੇ. ਯਾਦਵ (ਆਈ.ਪੀ.ਐੱਸ.) ਨੇ ਅੱਜ ‘ਆਪਰੇਸ਼ਨ ਪ੍ਰਹਾਰ-2’ ਤਹਿਤ ਸੰਗਰੂਰ ਜ਼ਿਲੇ ਦਾ ਦੌਰਾ ਕਰਦਿਆਂ ਪੁਲਸ ਵੱਲੋਂ ਲਗਾਏ ਨਾਕਿਆਂ ਦਾ ਜਾਇਜ਼ਾ ਲਿਆ।

ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲੇ ’ਚ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਫਿਰੌਤੀ ਮੰਗਣ ਵਾਲਿਆਂ ਦਾ ਨੈੱਟਵਰਕ ਤੋੜਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਤਾਂ ਜੋ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਇਆ ਜਾ ਸਕੇ।

ਐਲ.ਕੇ ਯਾਦਵ ਨੇ ਦੱਸਿਆ ਕਿ 9 ਫਰਵਰੀ 2026 ਤੋਂ ਸ਼ੁਰੂ ਕੀਤੇ ਗਏ ‘ਆਪਰੇਸ਼ਨ ਪ੍ਰਹਾਰ-2’ ਦੇ ਪਿਛਲੇ 72 ਘੰਟਿਆਂ ਦੌਰਾਨ ਜ਼ਿਲਾ ਪੁਲਸ ਸੰਗਰੂਰ ਵੱਲੋਂ ਕੁੱਲ 301 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਨ੍ਹਾਂ ਕਾਰਵਾਈਆਂ ਦੌਰਾਨ 148 ਲੋੜੀਂਦੇ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ ਅਤੇ 200 ਤੋਂ ਵੱਧ ਇਹਤਿਆਤੀ ਕਾਰਵਾਈਆਂ ਅਮਲ ’ਚ ਲਿਆਂਦੀਆਂ ਗਈਆਂ। ਇਸ ਦੌਰਾਨ 800 ਸ਼ੱਕੀ ਵਿਅਕਤੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਅਤੇ 6 ਭਗੌੜੇ (ਪੀ.ਓ.) ਵੀ ਕਾਬੂ ਕੀਤੇ ਗਏ।

ਬਰਾਮਦਗੀ ਅਤੇ ਟ੍ਰੈਫਿਕ ਕਾਰਵਾਈ : ਸਰਚ ਦੌਰਾਨ ਪੁਲਸ ਨੇ 90 ਗ੍ਰਾਮ ਹੈਰੋਇਨ, 677 ਨਸ਼ੀਲੀਆਂ ਗੋਲੀਆਂ, 10 ਕਿੱਲੋ ਪੋਸਤ ਦੇ ਹਰੇ ਪੌਦੇ, 36 ਬੋਤਲਾਂ ਸ਼ਰਾਬ, ਚੋਰੀਸ਼ੁਦਾ 20 ਕਿੱਲੋ ਤਾਂਬੇ ਦੀ ਤਾਰ ਅਤੇ ਹਥਿਆਰਾਂ ’ਚ ਇਕ ਰਿਵਾਲਵਰ (32 ਬੋਰ), ਇਕ ਪਿਸਟਲ (315 ਬੋਰ) ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਨਾਕਾਬੰਦੀ ਦੌਰਾਨ ਬਿਨਾਂ ਨੰਬਰ ਪਲੇਟਾਂ ਵਾਲੇ 370 ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 389 ਚਲਾਨ ਕੀਤੇ ਗਏ।

ਵਿਦੇਸ਼ੀ ਜਾਇਦਾਦਾਂ ’ਤੇ ਕਾਰਵਾਈ : ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਵਿਰੁੱਧ ਰੈੱਡ ਨੋਟਿਸ ਅਤੇ ਹਵਾਲਗੀ ਦੀ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ। ਗੈਂਗਸਟਰਾਂ ਦੀ ਹਵਾਲਾ ਮਨੀ, ਕ੍ਰਿਪਟੋ ਕਰੰਸੀ ਅਤੇ ਚੱਲ-ਅਚੱਲ ਜਾਇਦਾਦ ਜ਼ਬਤ ਕਰਨ ਲਈ ਐੱਫ.ਆਈ.ਯੂ. ਦੀ ਸਹਾਇਤਾ ਲਈ ਜਾ ਰਹੀ ਹੈ। ਜੇਕਰ ਕਿਸੇ ਅਪਰਾਧੀ ਦੀ ਜਾਇਦਾਦ ਭਾਰਤ ਤੋਂ ਬਾਹਰ ਮਿਲਦੀ ਹੈ, ਤਾਂ ਇੰਟਰਪੋਲ ਰਾਹੀਂ ‘ਸਿਲਵਰ ਨੋਟਿਸ’ ਜਾਰੀ ਕਰਕੇ ਕੁਰਕੀ ਕੀਤੀ ਜਾਵੇਗੀ।

Read More : ਹੋਟਲ ’ਚ ਨਾਬਾਲਿਗ ਕੁੜੀ ਦਾ ਕਤਲ; ਗੁਆਂਢੀ ਨੌਜਵਾਨ ਗ੍ਰਿਫ਼ਤਾਰ

Leave a Reply

Your email address will not be published. Required fields are marked *