ਵਿਦਿਆਰਥਣ

ਇਕਤਰਫ਼ਾ ਪਿਆਰ ਨੇ ਲਈ ਲਾਅ ਵਿਦਿਆਰਥਣ ਦੀ ਜਾਨ

ਮੁਲਜ਼ਮ ਨੇ ਖ਼ੁਦ ਨੂੰ ਵੀ ਮਾਰੀ ਗੋਲੀ; ਸੀ.ਸੀ.ਟੀ.ਵੀ. ’ਚ ਕੈਦ ਹੋਈ ਸਾਰੀ ਵਾਰਦਾਤ

ਤਰਨਤਾਰਨ, 9 ਫਰਵਰੀ- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਮਾਰਗ ’ਤੇ ਸਥਿਤ ਪਿੰਡ ਉਸਮਾ ਦੇ ਇਕ ਕਾਲਜ ’ਚ ਅੱਜ ਸਥਿਤੀ ਉਸ ਸਮੇਂ ਸਹਿਮ ਭਰੀ ਬਣ ਗਈ, ਜਦੋਂ ਲਾਅ ਦੇ ਇਕ ਵਿਦਿਆਰਥੀ ਨੇ ਆਪਣੇ ਨਾਲ ਪੜ੍ਹਦੀ ਵਿਦਿਆਰਥਣ ਦੇ ਸਿਰ ’ਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਕੁਝ ਸਕਿੰਟਾਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਸ ਖ਼ੂਨੀ ਘਟਨਾ ਦੀ ਸਾਰੀ ਵੀਡੀਓ ਕਲਾਸਰੂਮ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ।

ਜਾਣਕਾਰੀ ਅਨੁਸਾਰ ਪਿੰਡ ਨੌਸ਼ਹਿਰਾ ਪੰਨੂਆਂ ਨਿਵਾਸੀ ਸੰਦੀਪ ਕੌਰ (19) ਪੁੱਤਰੀ ਹੀਰਾ ਸਿੰਘ ਉਕਤ ਕਾਲਜ ’ਚ ਲਾਅ ਦੀ ਪੜ੍ਹਾਈ ਕਰ ਰਹੀ ਸੀ। ਉਸ ਦੇ ਨਾਲ ਹੀ ਪਿੰਡ ਮਲੀਆ ਦਾ ਰਹਿਣ ਵਾਲਾ ਪ੍ਰਿੰਸਰਾਜ ਸਿੰਘ (20) ਪੁੱਤਰ ਜਗਜੀਤ ਸਿੰਘ ਵੀ ਪੜ੍ਹਦਾ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸਰਾਜ ਬੀਤੇ ਕਾਫ਼ੀ ਸਮੇਂ ਤੋਂ ਸੰਦੀਪ ਕੌਰ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਸੋਮਵਾਰ ਨੂੰ ਸੰਦੀਪ ਕੌਰ ਜਦੋਂ ਕਲਾਸਰੂਮ ’ਚ ਪੁੱਜੀ ਤਾਂ ਉੱਥੇ ਮੌਜੂਦ ਪ੍ਰਿੰਸਰਾਜ ਨੇ ਪਹਿਲਾਂ ਉਸ ਨਾਲ ਨੋਕ-ਝੋਕ ਕੀਤੀ ਅਤੇ ਫਿਰ ਅਚਾਨਕ ਗੋਲੀ ਚਲਾ ਦਿੱਤੀ।

ਇਸ ਦਰਦਨਾਕ ਘਟਨਾ ’ਚ ਵਿਦਿਆਰਥਣ ਸੰਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਪਾਸੋਂ ਕਾਲਜ ਪ੍ਰਬੰਧਕਾਂ ਅਤੇ ਮੁਲਜ਼ਮ ਦੇ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬ ਡਵੀਜ਼ਨ ਪੱਟੀ ਦੇ ਡੀ.ਐੱਸ.ਪੀ. ਜਗਬੀਰ ਸਿੰਘ ਅਤੇ ਥਾਣਾ ਸਰਹਾਲੀ ਦੇ ਐੱਸ.ਐੱਚ.ਓ. ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ।

ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ’ਚ ਵਰਤਿਆ ਗਿਆ ਰਿਵਾਲਵਰ ਕਿੱਥੋਂ ਆਇਆ ਸੀ, ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸੰਦੀਪ ਕੌਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦਕਿ ਗੰਭੀਰ ਰੂਪ ’ਚ ਜ਼ਖ਼ਮੀ ਮੁਲਜ਼ਮ ਪ੍ਰਿੰਸਰਾਜ ਸਿੰਘ ਦਾ ਇਲਾਜ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਜਾਰੀ ਹੈ। ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

Read More : ਰਾਜਪਾਲ ਕਟਾਰੀਆ ਨੇ ਖਡੂਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ

Leave a Reply

Your email address will not be published. Required fields are marked *