ਟੀਮਾਂ ਨੂੰ 100 ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਰਵੇਖਣ ਲਈ ਕੀਤਾ ਰਵਾਨਾ
ਅਜਨਾਲਾ, 13 ਸਤੰਬਰ : ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐੱਸ. ਡੀ. ਐੱਮ. ਰਵਿੰਦਰ ਸਿੰਘ ਅਰੋੜਾ ਦੀ ਅਗਵਾਈ ’ਚ ਮਾਲ ਵਿਭਾਗ ਦੇ ਪਟਵਾਰੀਆਂ ਦੀਆਂ 25 ਟੀਮਾਂ ਅਤੇ ਪੰਚਾਇਤੀ ਰਾਜ, ਲੋਕ ਨਿਰਮਾਣ ਵਿਭਾਗ, ਪੁੱਡਾ, ਵਿਭਾਗਾਂ ਦੇ ਜੁਨੀਅਰ ਇੰਜੀਨੀਅਰਾਂ ਅਧਿਕਾਰੀਆਂ ਦੀਆਂ 48 ਟੀਮਾਂ ਨੂੰ 100 ਹੜ੍ਹ ਪ੍ਰਭਾਵਤ ਪਿੰਡਾਂ ਦੀ ਗਿਰਦਾਵਰੀ ਕਰਨ ਲਈ ਰਵਾਨਾ ਕਰਨ ਤੋਂ ਪਹਿਲਾਂ ਸਮੂਹ ਅਧਿਕਾਰੀਆਂ ਨੂੰ ਸੰਬੋਧਨ ਦੌਰਾਨ ਹਦਾਇਤਾਂ ਦਿੰਦਿਆਂ ਕਿਹਾ ਕਿ ਪਾਰਦਰਸ਼ੀ ਤੇ ਈਮਾਨਦਾਰੀ ਨਾਲ ਬਿਨਾਂ ਪੱਖਪਾਤ ਗਿਰਦਾਵਰੀ (ਸਰਵੇਖਣ) ਦੀ ਰਿਪੋਰਟ ਬਣਾਈ ਜਾਵੇ ਤਾਂ ਜੋ ਹਰ ਪੀੜਤ ਪਰਿਵਾਰ ਨੂੰ ਸਹਾਇਤਾ ਮਿਲ ਸਕੇ |
ਉਨ੍ਹਾਂ ਅੱਗੇ ਕਿਹਾ ਕਿ ਘਰ ਬੈਠ ਕੇ ਜਾਂ ਪ੍ਰਭਾਵਿਤ ਲੋਕਾਂ ਕੋਲੋਂ ਨੁਕਸਾਨੇ ਗਏ ਘਰਾਂ ਦੀਆਂ ਤਸਵੀਰਾਂ ਮੋਬਾਈਲ ’ਤੇ ਮੰਗਵਾ ਕੇ ਸਰਵੇਖਣ ਰਿਪੋਰਟਾਂ ਤਿਆਰ ਕਰਨ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਕੋਤਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਟੀਮਾਂ ਵਾਂਗ ਹੀ ਹੜਾਂ ਦੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ ਜਾਂ ਮਾਰੇ ਗਏ ਪਸ਼ੂਆਂ ਦਾ ਵੀ ਸਰਵੇਖਣ ਕਰਨ ਲਈ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਹਿੱਤ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਹਲਕੇ ਦੇ ਉਕਤ ਪ੍ਰਭਾਵਿਤ ਪਿੰਡਾਂ ’ਚ ਤਾਇਨਾਤ ਕੀਤੀਆਂ ਗਈਆਂ ਹਨ। ਰਿਪੋਰਟ ਤਿਆਰ ਹੋਣ ਉਪਰੰਤ ਪੰਜਾਬ ਸਰਕਾਰ ਜਲਦੀ ਮੁਆਵਜ਼ਾ ਮੁਹੱਈਆ ਕਰਵਾਏਗੀ।
ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਐੱਸ. ਡੀ. ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ, ਐੱਸ. ਡੀ. ਓ. ਮਨਜਿੰਦਰ ਸਿੰਘ ਮੱਤੇਨੰਗਲ, ਜ਼ਿਲਾ ਟੈਕਨੀਕਲ ਅਫਸਰ ਪ੍ਰਿੰਸ ਸਿੰਘ, ਸਿਤਾਰਾ ਸਿੰਘ ਵਿਰਕ ਬੀ. ਡੀ. ਪੀ. ਓ. ਅਜਨਾਲਾ, ਪ੍ਰਗਟ ਸਿੰਘ ਬੀ. ਡੀ. ਪੀ. ਓ. ਹਰਸ਼ਾ ਛੀਨਾ, ਪਵਨ ਕੁਮਾਰ ਬੀ. ਡੀ. ਪੀ. ਓ. ਰਮਦਾਸ, ਓ. ਐੱਸ. ਡੀ. ਗੁਰਜੰਟ ਸਿੰਘ ਸੋਹੀ, ਪੀ. ਏ. ਮੁਖਤਾਰ ਸਿੰਘ ਬਲੜਵਾਲ ਆਦਿ ਮੌਜੂਦ ਸਨ।
Read More : ਜਥੇਦਾਰ ਗੜਗੱਜ ਨੇ ਕੰਨਿਆਕੁਮਾਰੀ ’ਚ ਅੱਯਾਵਲੀ ਮੁਖੀ ਨਾਲ ਕੀਤੀ ਮੁਲਾਕਾਤ
