ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ
ਜਲੰਧਰ, 7 ਸਤੰਬਰ : ਜ਼ਿਲਾ ਜਲੰਧਰ ਦੇ ਪਿੰਡ ਕਾਹਲਵਾਂ ’ਚ ਦੇਰ ਰਾਤ ਤਿੰਨ ਅਣਪਛਾਤੇ ਨੌਜਵਾਨਾਂ ਨੇ ਇਕ ਐੱਨ. ਆਰ. ਆਈ. ਦੇ ਘਰ ਦੇ ਬਾਹਰ ਫਾਇਰਿੰਗ ਕੀਤੀ। ਇਸ ਦੌਰਾਨ ਘਰ ’ਚ ਸਿਰਫ਼ ਇਕ ਬਜ਼ੁਰਗ ਵਿਅਕਤੀ ਮੌਜੂਦ ਸੀ, ਜਿਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਮੌਕੇ ’ਤੇ ਪਹੁੰਚੀ ਥਾਣਾ ਕਰਤਾਰਪੁਰ ਦੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਤਿੰਨ ਨੌਜਵਾਨ ਐਕਟਿਵਾ ’ਤੇ ਆਏ ਸਨ। ਉਨ੍ਹਾਂ ਨੇ ਘਰ ਦੇ ਬਾਹਰ ਫਾਇਰਿੰਗ ਕੀਤੀ ਤੇ ਤੁਰੰਤ ਭੱਜ ਗਏ। ਇਸ ਘਟਨਾ ਨਾਲ ਪੂਰੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਅਨੁਸਾਰ ਜਿਸ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ, ਉਸ ਦੇ ਜ਼ਿਆਦਾਤਰ ਮੈਂਬਰ ਵਿਦੇਸ਼ ’ਚ ਰਹਿੰਦੇ ਸਨ। ਹਾਲ ਹੀ ’ਚ ਪਰਿਵਾਰ ਨੂੰ ਧਮਕੀ ਭਰੇ ਫੋਨ ਆਏ ਸਨ ਪਰ ਪੁਲਿਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਪੀੜਤ ਪਰਿਵਾਰ ਨੂੰ ਕਿਸੇ ’ਤੇ ਸ਼ੱਕ ਨਹੀਂ ਹੈ। ਹਾਲਾਂਕਿ, ਇਹ ਮੰਨਿਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਸਿਰਫ ਰੰਗਦਾਰੀ ਦੀ ਰਕਮ ਇਕੱਠੀ ਕਰਨ ਲਈ ਕੀਤੀ ਗਈ ਸੀ, ਤਾਂ ਜੋ ਪਰਿਵਾਰ ਨੂੰ ਡਰਾਇਆ ਜਾ ਸਕੇ।
ਪੁਲਿਸ ਨੇ ਬਜ਼ੁਰਗ ਵਿਅਕਤੀ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਸੀਆਈਏ ਰੂਰਲ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Read More : ਜਨਰਲ ਸਕੱਤਰ ਦੀਪਕ ਬਾਲੀ ਵੱਲੋਂ ਹੜ੍ਹ ਪ੍ਰਭਾਵਿਤ ਗੱਟੀ ਰਾਜੋ ਕੇ ਦਾ ਦੌਰਾ