Assam-News

ਹੁਣ ਚਾਹ ਹੀ ਨਹੀਂ, ‘ਚਿੱਪ’ ਲਈ ਵੀ ਦੁਨੀਆ ਭਰ ਵਿਚ ਜਾਣਿਆ ਜਾਵੇਗਾ ਅਸਾਮ : ਪੀਐਮ ਮੋਦੀ

ਡਿਬਰੂਗੜ੍ਹ ਦੇ ਚਾਹ ਬਾਗਾਂ ‘ਚ ਔਰਤਾਂ ਨਾਲ ਕੀਤੀ ਗੱਲਬਾਤ; ਭਾਜਪਾ-ਐਨਡੀਏ ਦੀ ‘ਹੈਟ੍ਰਿਕ’ ਦਾ ਕੀਤਾ ਦਾਅਵਾ

ਅਸਾਮ, 1 ਅਪ੍ਰੈਲ : ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਭਖੇ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਪਹੁੰਚੇ। ਉਨ੍ਹਾਂ ਨੇ ਡਿਬਰੂਗੜ੍ਹ ਵਿਖੇ ਚਾਹ ਦੇ ਬਾਗਾਂ ਦਾ ਦੌਰਾ ਕੀਤਾ ਅਤੇ ਉੱਥੇ ਕੰਮ ਕਰਨ ਵਾਲੀਆਂ ਔਰਤਾਂ ਨਾਲ ਚਾਹ ਦੀਆਂ ਪੱਤੀਆਂ ਤੋੜ ਕੇ ਖ਼ਾਸ ਗੱਲਬਾਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਅਸਾਮ ਦੇ ਵਿਕਾਸ ਦਾ ਨਵਾਂ ਰੋਡਮੈਪ ਪੇਸ਼ ਕਰਦਿਆਂ ਕਿਹਾ ਕਿ ਹੁਣ ਦੁਨੀਆ ਦੇ ਟੀਵੀ, ਫਰਿੱਜ ਅਤੇ ਮੋਬਾਈਲ ਫੋਨ ਅਸਾਮ ਵਿੱਚ ਬਣੀਆਂ ‘ਚਿੱਪਾਂ’ ‘ਤੇ ਚੱਲਣਗੇ।

ਕਾਂਗਰਸ ‘ਤੇ ਤਿੱਖੇ ਨਿਸ਼ਾਨੇ

ਪ੍ਰਧਾਨ ਮੰਤਰੀ ਨੇ ਕਾਂਗਰਸ ‘ਤੇ ਹਮਲਾ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਲਈ ਹਮੇਸ਼ਾ ਆਪਣਾ ‘ਪਰਿਵਾਰ’ ਪਹਿਲਾਂ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਹਾਕਿਆਂ ਤੱਕ ਕਿਸਾਨਾਂ ਅਤੇ ਆਦਿਵਾਸੀਆਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਹੋਣ ਦਿੱਤੇ, ਪਰ ਭਾਜਪਾ ਸਰਕਾਰ ਘੁਸਪੈਠੀਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖੇਗੀ ਅਤੇ ਇਹ ‘ਮੋਦੀ ਦੀ ਗਰੰਟੀ’ ਹੈ। ਉਨ੍ਹਾਂ ਮਿਸਿੰਗ ਕਬਾਇਲੀ ਭਾਈਚਾਰੇ ਨੂੰ ਅਣਗੌਲਿਆ ਕਰਨ ਲਈ ਵੀ ਕਾਂਗਰਸ ਦੀ ਆਲੋਚਨਾ ਕੀਤੀ।

ਸਿਹਤ ਅਤੇ ਸਿੱਖਿਆ ਵਿੱਚ ਵੱਡੀ ਤਬਦੀਲੀ

ਪੀਐਮ ਮੋਦੀ ਨੇ ਦੱਸਿਆ ਕਿ ਪਿਛਲੇ ਛੇ ਦਹਾਕਿਆਂ ਵਿੱਚ ਅਸਾਮ ਵਿੱਚ ਸਿਰਫ਼ 6 ਮੈਡੀਕਲ ਕਾਲਜ ਬਣੇ ਸਨ, ਜਦੋਂ ਕਿ ਅੱਜ ਸੂਬੇ ਵਿੱਚ 14 ਮੈਡੀਕਲ ਕਾਲਜ ਚੱਲ ਰਹੇ ਹਨ ਅਤੇ 10 ਹੋਰਾਂ ‘ਤੇ ਕੰਮ ਜਾਰੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਅਸਾਮ ਦੀ ਜਨਤਾ ਲਗਾਤਾਰ ਤੀਜੀ ਵਾਰ ਭਾਜਪਾ-ਐਨਡੀਏ ਦੀ ਸਰਕਾਰ ਬਣਾ ਕੇ ਵਿਕਾਸ ਦੀ ਹੈਟ੍ਰਿਕ ਲਗਾਏਗੀ ਅਤੇ ਕਾਂਗਰਸ ਦੇ ‘ਰਾਜਕੁਮਾਰ’ ਨੂੰ ਇੱਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪਵੇਗਾ।

Read More : ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ: ਐਡਵੋਕੇਟ ਐੱਚ.ਐੱਸ. ਫੂਲਕਾ ਭਾਜਪਾ ਵਿਚ ਸ਼ਾਮਲ

Leave a Reply

Your email address will not be published. Required fields are marked *