ਅੰਮ੍ਰਿਤਸਰ, 27 ਜੁਲਾਈ :-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੈਪੁਰ ’ਚ ਰਾਜਸਥਾਨ ਹਾਈ ਕੋਰਟ (ਜੋਧਪੁਰ) ਦੀ ਸਿਵਲ ਜੱਜ ਦੀ ਭਰਤੀ ਦਾ ਇਮਤਿਹਾਨ ਦੇਣ ਗਈ ਅੰਮ੍ਰਿਤਧਾਰੀ ਉਮੀਦਵਾਰ ਗੁਰਪ੍ਰੀਤ ਕੌਰ ਵਾਸੀ ਫੇਲੋਕੇ ਜ਼ਿਲਾ ਤਰਨਤਾਰਨ ਨੂੰ ਕਿਰਪਾਨ ਪਹਿਨੇ ਹੋਣ ਕਰਕੇ ਦਾਖਲਾ ਨਾ ਦੇਣ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਭਾਰਤੀ ਸੰਵਿਧਾਨ ਦੀ ਵੱਡੀ ਉਲੰਘਣਾ ਅਤੇ ਸਿੱਖਾਂ ਵਿਰੁੱਧ ਨਫ਼ਰਤੀ ਵਿਤਕਰਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੁਨੀਆ ਅੰਦਰ ਕਿਸ ਨੂੰ ਨਹੀਂ ਪਤਾ ਕਿ ਅੰਮ੍ਰਿਤਧਾਰੀ ਸਿੱਖ ਕਕਾਰ ਵਜੋਂ ਕਿਰਪਾਨ ਪਾਉਂਦੇ ਹਨ ਪਰ ਦੇਸ਼ ਅੰਦਰ ਵਾਰ-ਵਾਰ ਸਿੱਖਾਂ ਨੂੰ ਉਨ੍ਹਾਂ ਦੀ ਵੱਖਰੀ ਪਛਾਣ ਅਤੇ ਧਾਰਮਿਕ ਅਕੀਦਿਆਂ ਕਾਰਨ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਦੀ ਵਿਆਖਿਆ 1 ’ਚ ਸਪੱਸ਼ਟ ਦਰਜ ਹੈ ਕਿ ਸਿੱਖ ਧਰਮ ’ਚ ਕਿਰਪਾਨ ਪਹਿਨਣਾ ਸ਼ਾਮਲ ਹੈ, ਇਸ ਦੇ ਬਾਵਜੂਦ ਸੰਵਿਧਾਨ ਦੀ ਰਾਖੀ ਕਰਨ ਵਾਲੀ ਅਦਾਲਤ ਦੀ ਪ੍ਰੀਖਿਆ ’ਚ ਹੀ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਜਥੇਦਾਰ ਗੜਗੱਜ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਤਾਜ਼ਾ ਮਾਮਲੇ ਅਤੇ ਪਿਛਲੇ ਮਾਮਲਿਆਂ ਨੂੰ ਲੈ ਕੇ ਤੁਰੰਤ ਹੀ ਇਕ ਉੱਚ ਪੱਧਰੀ ਸਾਂਝਾ ਵਫ਼ਦ ਤਿਆਰ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਜਸਥਾਨ ਦੇ ਮੁੱਖ ਮੰਤਰੀ ਅਤੇ ਰਾਜਸਥਾਨ ਹਾਈ ਕੋਰਟ ਦੇ ਰਜਿਸਟਰਾਰ ਨਾਲ ਮੁਲਾਕਾਤ ਕਰਕੇ ਇਸ ਵਿਤਕਰੇ ਦੇ ਵਿਰੁੱਧ ਸਖ਼ਤ ਇਤਰਾਜ਼ ਦਰਜ ਕਰਵਾ ਕੇ ਇਸ ਨੂੰ ਹਮੇਸ਼ਾ ਲਈ ਠੱਲ੍ਹਿਆ ਜਾਵੇ।
ਇਹ ਮਾਮਲਾ ਸਾਹਮਣੇ ਆਉਂਦੇ ਹੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰੀ ਵੱਲੋਂ ਇਸ ਸਬੰਧੀ ਵੇਰਵੇ ਭਾਰਤ ਸਰਕਾਰ ਦੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਆਗੂ ਸ. ਇਕਬਾਲ ਸਿੰਘ ਲਾਲਪੁਰਾ ਨਾਲ ਵੀ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕਮਿਸ਼ਨ ਵੱਲੋਂ ਪਹਿਲਾਂ ਹੀ ਇਹ ਆਦੇਸ਼ ਜਾਰੀ ਕੀਤੇ ਹੋਏ ਹਨ ਕਿ ਅੰਮ੍ਰਿਤਧਾਰੀ ਸਿੱਖ ਉਮੀਦਵਾਰ ਮੁਕਾਬਲਾ ਇਮਤਿਹਾਨਾਂ ’ਚ ਆਪਣੀ ਕਿਰਪਾਨ ਸਮੇਤ ਦਾਖਲਾ ਕਰ ਸਕਦੇ ਹਨ। ਲਾਲਪੁਰਾ ਨੇ ਭਰੋਸਾ ਦਿੱਤਾ ਹੈ ਕਿ ਉਹ ਇਹ ਤਾਜ਼ਾ ਮਾਮਲਾ ਵੀ ਰਾਜਸਥਾਨ ਹਾਈ ਕੋਰਟ ਦੇ ਰਜਿਸਟਰਾਰ ਦੇ ਕੋਲ ਉਠਾਉਣਗੇ।
Read More : ਸ਼ੌਕ ਦਾ ਕੋਈ ਮੁੱਲ ਨਹੀਂ