Earthquake

ਭੂਚਾਲ ਦੇ ਝਟਕਿਆਂ ਨਾਲ ਕੰਬਿਆ ਉੱਤਰੀ ਭਾਰਤ; ਅਫਗਾਨਿਸਤਾਨ ਰਿਹਾ ਮੁੱਖ ਕੇਂਦਰ

ਰਾਤ 9:45 ਵਜੇ ਮਹਿਸੂਸ ਕੀਤੇ ਗਏ ਤੇਜ਼ ਝਟਕੇ; ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ, ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ

ਚੰਡੀਗੜ੍ਹ, 3 ਮਾਰਚ : ਸ਼ੁੱਕਰਵਾਰ ਰਾਤ 9:45 ਵਜੇ ਉੱਤਰੀ ਭਾਰਤ ਦੇ ਕਈ ਰਾਜਾਂ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਦਿੱਲੀ-ਐਨਸੀਆਰ, ਚੰਡੀਗੜ੍ਹ, ਮੋਹਾਲੀ ਅਤੇ ਜੰਮੂ-ਕਸ਼ਮੀਰ ਸਮੇਤ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਵੀ ਧਰਤੀ ਹਿੱਲੀ। ਭੂਚਾਲ ਇੰਨਾ ਤੇਜ਼ ਸੀ ਕਿ ਲੋਕ ਘਬਰਾਹਟ ਦੇ ਆਲਮ ਵਿਚ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਖੁੱਲ੍ਹੇ ਵਿਚ ਨਿਕਲ ਆਏ। ਰਾਹਤ ਦੀ ਗੱਲ ਇਹ ਰਹੀ ਕਿ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ।

ਜਾਣਕਾਰੀ ਅਨੁਸਾਰ ਇਸ ਭੂਚਾਲ ਦੀ ਤੀਵਰਤਾ ਰਿਕਟਰ ਸਕੇਲ ਉਤੇ 5.9 ਮਾਪੀ ਗਈ ਹੈ। ਇਸ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂਕੁਸ਼ ਪਹਾੜਾਂ ਵਿਚ ਸੀ। ਭੂਚਾਲ ਦਾ ਮੁੱਖ ਕੇਂਦਰ 71.01 ਡਿਗਰੀ ਪੂਰਬੀ ਦੇਸ਼ਾਂਤਰ ਅਤੇ 36.52 ਡਿਗਰੀ ਉੱਤਰੀ ਅਕਸ਼ਾਂਸ਼ ਉਤੇ 175 ਕਿਲੋਮੀਟਰ ਦੀ ਗਹਿਰਾਈ ਵਿਚ ਦਰਜ ਕੀਤਾ ਗਿਆ। ਇਹ ਝਟਕੇ ਭਾਰਤ ਦੇ ਨਾਲ-ਨਾਲ ਪਾਕਿਸਤਾਨ, ਅਫਗਾਨਿਸਤਾਨ ਅਤੇ ਤਾਜਿਕਿਸਤਾਨ ਵਿੱਚ ਵੀ ਮਹਿਸੂਸ ਕੀਤੇ ਗਏ।

ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਖਾਸ ਕਰਕੇ ਕੁਪਵਾਰਾ ਜ਼ਿਲ੍ਹੇ ਵਿਚ ਲਗਭਗ 10 ਤੋਂ 15 ਸਕਿੰਟ ਤੱਕ ਧਰਤੀ ਹਿੱਲਦੀ ਰਹੀ, ਜਿਸ ਕਾਰਨ ਇਲਾਕੇ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਵੀ ਲੋਕਾਂ ਨੇ ਇਹ ਝਟਕੇ ਮਹਿਸੂਸ ਕੀਤੇ। ਇਸ ਤੋਂ ਪਹਿਲਾਂ ਸ਼ਾਮ 8:12 ਵਜੇ ਤਿੱਬਤ ਵਿੱਚ ਵੀ 3.2 ਤੀਵਰਤਾ ਦਾ ਭੂਚਾਲ ਆਇਆ ਸੀ।

ਪ੍ਰਸ਼ਾਸਨ ਵੱਲੋਂ ਸਥਿਤੀ ਉਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

Read More : ਗੈਸ ਸਿਲੰਡਰਾਂ ਦੀ ਕੋਈ ਕਮੀ ਨਹੀਂ, ਅਫਵਾਹਾਂ ਤੋਂ ਬਚੋ : ਲਾਲ ਚੰਦ ਕਟਾਰੂਚੱਕ

Leave a Reply

Your email address will not be published. Required fields are marked *