ਪੰਜਾਬ ਸਰਕਾਰ ਜਲਦੀ ਹੀ ਕਈ ਇਲਾਕਿਆਂ ਵਿਚ ਖੋਲ੍ਹਣ ਜਾ ਰਹੀ ਨਵੇਂ ਸਰਕਾਰੀ ਕਾਲਜ
ਚੰਡੀਗੜ੍ਹ, 11 ਜੁਲਾਈ : ਪੰਜਾਬ ਵਿਧਾਨ ਸਭਾ ਵਿਚ ਦੂਜੇ ਦਿਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 2022 ਤੱਕ ਪੰਜਾਬ ਵਿਚ ਬ੍ਰੇਨ ਡਰੇਨ ਅਪਣੇ ਸਿਖਰ ’ਤੇ ਸੀ, ਜੋ ਬੱਚੇ ਯੋਗ ਸਨ, ਉਹ ਵਿਦੇਸ਼ ਜਾਂਦੇ ਸਨ ਅਤੇ ਲੋੜਵੰਦ ਬੱਚਿਆਂ ਦੇ ਵਜ਼ੀਫ਼ੇ ਵੀ ਹੜੱਪ ਲਏ ਜਾਂਦੇ ਸਨ ਪਰ ਜਦੋਂ ਤੋਂ ਸਾਡੀ ਸਰਕਾਰ ਆਈ, ਤਾਂ ਅਸੀਂ ਸਥਿਤੀ ਨੂੰ ਸੁਧਾਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਰੇ ਐੱਸ. ਸੀ. ਬੱਚਿਆਂ ਨੂੰ ਸਮੇਂ ਸਿਰ ਸਕਾਲਰਸ਼ਿਪ ਮਿਲ ਰਹੀ ਹੈ ਅਤੇ ਸਾਰੀਆਂ ਯੂਨੀਵਰਸਿਟੀਆਂ ਨੂੰ ਸਮੇਂ ਸਿਰ ਗ੍ਰਾਂਟਾਂ ਮਿਲ ਰਹੀਆਂ ਹਨ।
ਉਨ੍ਹਾਂ ਭਰੋਸਾ ਦਿੱਤਾ ਕਿ ਕੋਈ ਵੀ ਗੈਸਟ ਫ਼ੈਕਲਟੀ ਆਪਣੀ ਨੌਕਰੀ ਨਹੀਂ ਗੁਆਏਗਾ। ਸਰਕਾਰ ਨੇ ਨਵੇਂ ਕੋਰਸ ਸ਼ੁਰੂ ਕੀਤੇ ਹਨ, ਜਿਨ੍ਹਾਂ ਦੀ ਬਾਜ਼ਾਰ ਵਿਚ ਚੰਗੀ ਮੰਗ ਹੈ, ਤਾਂ ਜੋ ਨੌਜਵਾਨਾਂ ਨੂੰ ਬਿਹਤਰ ਰੁਜ਼ਗਾਰ ਦੇ ਮੌਕੇ ਮਿਲ ਸਕਣ। ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਅਜਨਾਲਾ, ਬਰਨਾਲਾ ਅਤੇ ਕੀਰਤਪੁਰ ਸਾਹਿਬ ਸਮੇਤ ਕਈ ਇਲਾਕਿਆਂ ਵਿਚ ਨਵੇਂ ਸਰਕਾਰੀ ਕਾਲਜ ਖੋਲ੍ਹਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਪੜ੍ਹਾਈ ਲਈ ਪੰਜਾਬ ਆ ਰਹੇ ਹਨ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ’ਤੇ ਵਿਸ਼ੇਸ਼ ਜ਼ੋਰ ਦਿਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਬਿਹਤਰ ਮੌਕੇ ਮਿਲ ਸਕਣ।
Read More : ਬਦਮਾਸ਼ਾਂ ਦੀ ਨਿਸ਼ਾਨਦੇਹੀ ’ਤੇ ਵੱਡੀ ਮਾਤਰਾ ਵਿਚ ਅਸਲਾ ਬਰਾਮਦ