ਮੰਦਰ ਕਮੇਟੀ ਨੇ ਮਤੇ ਨੂੰ ਦਿੱਤੀ ਮਨਜ਼ੂਰੀ; ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੀ ਯਾਤਰਾ ਦੌਰਾਨ ਲਾਗੂ ਹੋਵੇਗਾ ਫ਼ੈਸਲਾ
ਦੇਹਰਾਦੂਨ, 11 ਮਾਰਚ : ਉੱਤਰਾਖੰਡ ਦੇ ਪ੍ਰਸਿੱਧ ਤੀਰਥ ਸਥਾਨਾਂ ਬਦਰੀਨਾਥ ਅਤੇ ਕੇਦਾਰਨਾਥ ਧਾਮ ’ਚ ਇਸ ਸਾਲ ਤੋਂ ਗ਼ੈਰ-ਸਨਾਤਨੀਆਂ ਦੇ ਦਾਖ਼ਲੇ ’ਤੇ ਪਾਬੰਦੀ ਰਹੇਗੀ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਹੇਮੰਤ ਦਿਵੇਦੀ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਬੋਰਡ ਬੈਠਕ ’ਚ ਇਸ ਮਤੇ ਨੂੰ ਸਰਵਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਗਈ ਹੈ।
ਦਿਵੇਦੀ ਨੇ ਜਾਣਕਾਰੀ ਦਿੱਤੀ ਕਿ ਇਹ ਫ਼ੈਸਲਾ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਚਾਰਧਾਮ ਯਾਤਰਾ ਤੋਂ ਲਾਗੂ ਹੋ ਜਾਵੇਗਾ। ਹੁਣ ਗ਼ੈਰ-ਸਨਾਤਨੀ ਸ਼ਰਧਾਲੂ ਮੰਦਰ ਕੰਪਲੈਕਸਾਂ ਅਤੇ ਗਰਭ-ਗ੍ਰਹਿ ’ਚ ਪ੍ਰਵੇਸ਼ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਗ਼ੈਰ-ਹਿੰਦੂਆਂ ਦੇ ਪ੍ਰਵੇਸ਼ ’ਤੇ ਰੋਕ ਦੀ ਵਿਵਸਥਾ ਆਦਿ ਸ਼ੰਕਰਾਚਾਰੀਆ ਦੇ ਸਮੇਂ ਤੋਂ ਹੀ ਚਲੀ ਆ ਰਹੀ ਹੈ ਅਤੇ ਭਾਰਤੀ ਸੰਵਿਧਾਨ ਵੀ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਦਾ ਅਧਿਕਾਰ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਚਾਰਧਾਮ ਯਾਤਰਾ ਦੀ ਸ਼ੁਰੂਆਤ 19 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ ਤੋਂ ਹੋਵੇਗੀ, ਜਦੋਂ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਖੁੱਲ੍ਹਣਗੇ। ਕੇਦਾਰਨਾਥ ਧਾਮ ਦੇ ਕਿਵਾੜ 22 ਅਪ੍ਰੈਲ ਅਤੇ ਬਦਰੀਨਾਥ ਧਾਮ ਦੇ ਕਿਵਾੜ 23 ਅਪ੍ਰੈਲ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ।
Read More : ਅਧਿਕਾਰੀਆਂ ਵੱਲੋਂ ਨਿੱਜੀ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਰਾਜਿੰਦਰ ਗੁਪਤਾ ਸਖ਼ਤ
