ਕਿਹਾ-ਹੁਣ ਨਹੀਂ ਬਣੇਗੀ ਨਿਤੀਸ਼ ਦੀ ਸਰਕਾਰ
ਔਰੰਗਾਬਾਦ, 4 ਨਵੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ‘ਫੜ ਰੱਖਿਆ ਹੈ’ ਅਤੇ ਹੁਣ ਇਸ ਸੂਬੇ ਵਿਚ ‘ਨਿਤੀਸ਼ ਕੁਮਾਰ ਦੀ ਸਰਕਾਰ’ ਕਦੇ ਨਹੀਂ ਬਣਨ ਵਾਲੀ ਹੈ।
ਉਨ੍ਹਾਂ ਔਰੰਗਾਬਾਦ ਅਤੇ ਕੁੰਟੁੰਬਾ ਵਿਚ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਰਿਮੋਟ ਰਾਹੀਂ ਟੈਲੀਵਿਜ਼ਨ ਚੈਨਲ ਬਦਲੇ ਜਾਂਦੇ ਹਨ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਨਿਤੀਸ਼ ਕੁਮਾਰ ਦਾ ਚੈਨਲ’ ਬਦਲਦੇ ਹਨ ਅਤੇ ਬਿਹਾਰ ਦੇ ਮੁੱਖ ਮੰਤਰੀ ਉਹੀ ਕਰਦੇ ਹਨ ਜੋ ਭਾਜਪਾ ਦੇ ਇਹ ਦੋਵੇਂ ਚੋਟੀ ਦੇ ਨੇਤਾ ਚਾਹੁੰਦੇ ਹਨ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਦਾਅਵਾ ਕੀਤਾ ਿਕ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ‘ਵੋਟ ਚੋਰੀ’ ਦੀ ਪੂਰੀ ਕੋਸ਼ਿਸ਼ ਕਰਨਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸਦੇ ਿਬਨਾਂ ਉਹ ਜਿੱਤ ਨਹੀਂ ਸਕਦੇ। ਰਾਹੁਲ ਗਾਂਧੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ‘ਵੋਟ ਚੋਰੀ’ ਨੂੰ ਰੋਕਣ ਲਈ ਤਿਆਰ ਰਹਿਣ।
ਕਾਂਗਰਸ ਨੇਤਾ ਨੇ ਇਕ ਵਾਰ ਫਿਰ ਇਹ ਦਾਅਵਾ ਕੀਤਾ ਿਕ ਨਿਤੀਸ਼ ਕੁਮਾਰ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਸ਼ਾਹ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਬਿਹਾਰ ਦੇ ਲੋਕਾਂ ਨੂੰ ਲੱਗਦਾ ਹੈ ਕਿ ਨਿਤੀਸ਼ ਜੀ ਦੀ ਸਰਕਾਰ ਹੈ ਪਰ ਨਿਤੀਸ਼ ਜੀ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਿਕ ਭਾਜਪਾ ਨੇ ਨਿਤੀਸ਼ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਕੇ ਰੱਖਿਆ ਹੈ, ਦਬਾਅ ਕੇ ਫੜਿਆ ਹੋਇਆ ਹੈ। ਬਿਹਾਰ ਵਿਚ ਨਿਤੀਸ਼ ਜੀ ਦੀ ਸਰਕਾਰ ਕਦੇ ਨਹੀਂ ਬਣਨ ਵਾਲੀ ਹੈ। ਖਤਮ ਹੋ ਗਿਆ ਕੰਮ…।
Read More : ਨਾਬਾਲਿਗ ਦਲਿਤ ਵਿਦਿਆਰਥੀ ਦੀ ਪੈਂਟ ‘ਚ ਪਾਈ ਬਿੱਛੂ ਬੂਟੀ
