ਚਾਰਾਂ ਸਦਨਾਂ ਦੇ ਮੈਂਬਰ ਬਣਨ ਦਾ ਮਾਣ ਹਾਸਲ ਕਰਨਗੇ ਨਿਤੀਸ਼ ਕੁਮਾਰ
ਪਟਨਾ, 2 ਅਪ੍ਰੈਲ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 10 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਵਜੋਂ ਆਪਣੇ ਨਵੇਂ ਸਫ਼ਰ ਦੀ ਸ਼ੁਰੂਆਤ ਕਰਨਗੇ। ਸੂਤਰਾਂ ਅਨੁਸਾਰ ਉਹ 8 ਜਾਂ 9 ਅਪ੍ਰੈਲ ਨੂੰ ਦਿੱਲੀ ਲਈ ਰਵਾਨਾ ਹੋਣਗੇ ਅਤੇ ਸਹੁੰ ਚੁੱਕਣ ਤੋਂ ਬਾਅਦ 13 ਅਪ੍ਰੈਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ।
ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਬੀਤੇ ਸੋਮਵਾਰ ਨੂੰ ਆਪਣੀ ਵਿਧਾਨ ਪ੍ਰੀਸ਼ਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਦੇ ਉਹ 2006 ਤੋਂ ਮੈਂਬਰ ਸਨ। 16 ਮਾਰਚ ਨੂੰ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਹੀ ਉਨ੍ਹਾਂ ਦੇ ਅਗਲੇ ਕਦਮਾਂ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਸੀ।
ਨਿਤੀਸ਼ ਕੁਮਾਰ ਭਾਰਤ ਦੇ ਉਨ੍ਹਾਂ ਚੋਣਵੇਂ ਨੇਤਾਵਾਂ ਵਿੱਚ ਸ਼ਾਮਲ ਹੋ ਗਏ ਹਨ ਜੋ ਸੰਸਦ ਅਤੇ ਵਿਧਾਨ ਸਭਾ ਦੇ ਚਾਰਾਂ ਸਦਨਾਂ (ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ) ਦੇ ਮੈਂਬਰ ਰਹੇ ਹਨ। ਉਹ 1985 ਵਿੱਚ ਹਰਨੌਟ ਤੋਂ ਵਿਧਾਇਕ ਬਣੇ ਸਨ ਅਤੇ 1989 ਵਿੱਚ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਏ ਸਨ। ਰਾਜ ਸਭਾ ਜਾਣ ਦੇ ਆਪਣੇ ਫੈਸਲੇ ਬਾਰੇ ਉਨ੍ਹਾਂ ਖੁਦ ਇੱਛਾ ਪ੍ਰਗਟਾਈ ਸੀ ਕਿ ਉਹ ਇਸ ਸਦਨ ਦਾ ਮੈਂਬਰ ਬਣਨਾ ਚਾਹੁੰਦੇ ਸਨ।
Read More : ਵਿੱਤ ਮੰਤਰੀ ਹਰਪਾਲ ਚੀਮਾ ਨੇ 11 ਜੂਨੀਅਰ ਆਡੀਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ
