ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਨਿਭਾਈ ਸੰਵਿਧਾਨਕ ਪ੍ਰਕਿਰਿਆ
ਪਟਨਾ, 30 ਮਾਰਚ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਬਿਹਾਰ ਵਿਧਾਨ ਪ੍ਰੀਸ਼ਦ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ ਮੰਤਰੀ ਵਿਜੇ ਚੌਧਰੀ ਅਤੇ ਸੰਜੇ ਗਾਂਧੀ ਵਿਧਾਨ ਪ੍ਰੀਸ਼ਦ ’ਚ ਲੈ ਕੇ ਆਏ ਅਤੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੂੰ ਸੌਂਪਿਆ। ਵਿਜੇ ਚੌਧਰੀ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਰਾਜ ਸਭਾ ਲਈ ਚੁਣੇ ਗਏ ਹਨ, ਇਸ ਲਈ ਇਹ ਇਕ ਸੰਵਿਧਾਨਕ ਪ੍ਰਕਿਰਿਆ ਹੈ।
ਭਾਵੁਕ ਹੋਏ ਮੰਤਰੀ ਅਤੇ ਵਿਰੋਧੀ ਧਿਰ ਦੇ ਨਿਸ਼ਾਨੇ
ਨਿਤੀਸ਼ ਕੁਮਾਰ ਦੇ ਅਸਤੀਫ਼ੇ ਤੋਂ ਬਾਅਦ ਮੰਤਰੀ ਅਸ਼ੋਕ ਚੌਧਰੀ ਕਾਫ਼ੀ ਭਾਵੁਕ ਦਿਖਾਈ ਦਿੱਤੇ ਅਤੇ ਉਨ੍ਹਾਂ ਨੂੰ ਭੁੱਬਾਂ ਮਾਰ ਕੇ ਰੋਂਦੇ ਹੋਏ ਵੇਖਿਆ ਗਿਆ। ਦੂਜੇ ਪਾਸੇ, ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਇਸ ਘਟਨਾਕ੍ਰਮ ’ਤੇ ਤਨਜ਼ ਕਸਦਿਆਂ ਕਿਹਾ ਕਿ ਭਾਜਪਾ ਨੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਹੈ।
ਨਿਤਿਨ ਨਬੀਨ ਨੇ ਵੀ ਛੱਡੀ ਵਿਧਾਨ ਸਭਾ ਦੀ ਮੈਂਬਰੀ
ਇਸੇ ਦੌਰਾਨ ਭਾਜਪਾ ਦੇ ਆਗੂ ਨਿਤਿਨ ਨਬੀਨ ਨੇ ਵੀ ਬਿਹਾਰ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਬਾਂਕੀਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ ਅਤੇ 16 ਮਾਰਚ ਨੂੰ ਰਾਜ ਸਭਾ ਲਈ ਚੁਣੇ ਗਏ ਸਨ। ਉਹ ਜਲਦੀ ਹੀ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ। ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੇ ਬਿਹਾਰ ਦੇ ਲੋਕਾਂ ਦੇ ਨਾਂ ਇਕ ਭਾਵੁਕ ਸੰਦੇਸ਼ ਜਾਰੀ ਕਰਦਿਆਂ ਵਰਕਰਾਂ ਦਾ ਧੰਨਵਾਦ ਕੀਤਾ।
Read More : ਕੈਂਟਰ ਤੇ ਮੋਟਰਸਾਈਕਲ ਦੀ ਟੱਕਰ ’ਚ ਸਬ-ਇੰਸਪੈਕਟਰ ਦੀ ਮੌਤ
