Nitish Kumar

ਨਿਤੀਸ਼ ਕੁਮਾਰ 10ਵੀਂ ਵਾਰ ਬਣੇ ਬਿਹਾਰ ਦੇ ਸੀ.ਐੱਮ., 26 ਮੰਤਰੀਆਂ ਨਾਲ ਚੁੱਕੀ ਸਹੁੰ

ਭਾਜਪਾ ਦੇ 14, ਜਨਤਾ ਦਲ (ਯੂ) ਦੇ 8, ਲੋਜਪਾ ਦੇ 2, ਰਾਲੋਮੋ ਤੇ ‘ਹਮ’ ਦਾ ਇਕ-ਇਕ ਮੰਤਰੀ

ਪਟਨਾ, 20 ਨਵੰਬਰ : ਜਨਤਾ ਦਲ (ਯੂਨਾਈਟਿਡ) ਦੇ ਕੌਮੀ ਪ੍ਰਧਾਨ ਨਿਤੀਸ਼ ਕੁਮਾਰ (74) ਨੇ ਵੀਰਵਾਰ ਨੂੰ ਇਕ ਸ਼ਾਨਦਾਰ ਸਮਾਗਮ ’ਚ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਰਿਕਾਰਡ 10ਵੀਂ ਵਾਰ ਸਹੁੰ ਚੁੱਕੀ। ਰਾਜਪਾਲ ਆਰਿਫ ਮੁਹੰਮਦ ਖਾਨ ਨੇ ਇਤਿਹਾਸਕ ਗਾਂਧੀ ਮੈਦਾਨ ’ਚ ਆਯੋਜਿਤ ਪ੍ਰੋਗਰਾਮ ਵਿਚ ਨਿਤੀਸ਼ ਤੇ 26 ਮੈਂਬਰੀ ਮੰਤਰੀ ਪ੍ਰੀਸ਼ਦ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।

ਇਨ੍ਹਾਂ ਵਿਚ ਭਾਜਪਾ ਦੇ 14, ਜਨਤਾ ਦਲ ਯੂਨਾਈਟਿਡ ਦੇ 8, ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ 2 ਅਤੇ ਰਾਸ਼ਟਰੀ ਲੋਕ ਮੋਰਚਾ (ਰਾਲੋਮੋ) ਤੇ ਹਿੰਦੁਸਤਾਨੀ ਅਵਾਮ ਮੋਰਚਾ (ਹਮ) ਦੇ ਇਕ-ਇਕ ਮੰਤਰੀ ਸ਼ਾਮਲ ਹਨ।

ਸਹੁੰ ਚੁੱਕਣ ਵਾਲਿਆਂ ਵਿਚ ਭਾਜਪਾ ਵਿਧਾਇਕ ਦਲ ਦੇ ਨੇਤਾ ਸਮਰਾਟ ਚੌਧਰੀ ਤੇ ਉਪ-ਨੇਤਾ ਵਿਜੇ ਕੁਮਾਰ ਸਿਨਹਾ ਵੀ ਸ਼ਾਮਲ ਹਨ, ਜੋ ਪਿਛਲੀ ਰਾਜਗ ਸਰਕਾਰ ’ਚ ਉਪ-ਮੁੱਖ ਮੰਤਰੀ ਸਨ।

ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਪ੍ਰਮੁੱਖ ਆਗੂ ਮੌਜੂਦ ਰਹੇ। ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਅਤੇ ਹੁਣੇ ਜਿਹੇ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਇੰਚਾਰਜ ਧਰਮਿੰਦਰ ਪ੍ਰਧਾਨ ਵੀ ਇਸ ਮੌਕੇ ’ਤੇ ਮੌਜੂਦ ਸਨ। ਸਮਾਗਮ ਦੇ ਅਖੀਰ ’ਚ ਪੀ. ਐੱਮ. ਮੋਦੀ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ’ਚ ਗਮਛਾ ਹਵਾ ’ਚ ਲਹਿਰਾ ਕੇ ਮੌਜੂਦ ਲੋਕਾਂ ਦਾ ਉਤਸ਼ਾਹ ਵਧਾਇਆ।

ਇਸ ਮੌਕੇ ਰਾਜਗ ਦੇ ਸ਼ਾਸਨ ਵਾਲੇ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਇਨ੍ਹਾਂ ਵਿਚ ਆਂਧਰਾ ਪ੍ਰਦੇਸ਼ ਦੇ ਐੱਨ. ਚੰਦਰਬਾਬੂ ਨਾਇਡੂ, ਉੱਤਰ ਪ੍ਰਦੇਸ਼ ਦੇ ਯੋਗੀ ਆਦਿੱਤਿਆਨਾਥ, ਮਹਾਰਾਸ਼ਟਰ ਦੇ ਦੇਵੇਂਦਰ ਫੜਨਵੀਸ, ਅਸਾਮ ਦੇ ਹਿਮੰਤ ਬਿਸਵਾ ਸਰਮਾ ਅਤੇ ਦਿੱਲੀ ਦੀ ਰੇਖਾ ਗੁਪਤਾ ਸ਼ਾਮਲ ਸਨ।

ਚੋਣ ਲੜੇ ਬਿਨਾਂ ਹੀ ਮੰਤਰੀ ਬਣੇ ਉਪੇਂਦਰ ਕੁਸ਼ਵਾਹਾ ਦੇ ਬੇਟੇ ਦੀਪਕ

ਨਵੇਂ ਮੰਤਰੀ ਪ੍ਰੀਸ਼ਦ ’ਚ ਸਭ ਤੋਂ ਵੱਧ ਚਰਚਾ ਰਾਸ਼ਟਰੀ ਲੋਕ ਮੋਰਚਾ (ਰਾਲੋਮੋ) ਦੇ ਸੰਸਥਾਪਕ ਉਪੇਂਦਰ ਕੁਸ਼ਵਾਹਾ ਦੇ ਬੇਟੇ ਦੀਪਕ ਕੁਸ਼ਵਾਹਾ ਦੀ ਹੋਈ, ਜੋ ਬਿਨਾਂ ਚੋਣ ਲੜੇ ਹੀ ਮੰਤਰੀ ਬਣ ਗਏ ਹਨ।

ਦੀਪਕ ਨੇ ਵਿਧਾਨ ਸਭਾ ਚੋਣ ਨਹੀਂ ਲੜੀ ਸੀ ਪਰ ਸੀਟਾਂ ਦੀ ਵੰਡ ਦੌਰਾਨ ਹੋਏ ਸਮਝੌਤਿਆਂ ਤਹਿਤ ਉਨ੍ਹਾਂ ਨੂੰ ਵਿਧਾਨ ਪ੍ਰੀਸ਼ਦ ਕੋਟੇ ’ਚੋਂ ਮੰਤਰੀ ਬਣਾਇਆ ਗਿਆ ਹੈ। ਸਹੁੰ-ਚੁੱਕ ਸਮਾਗਮ ਤੋਂ ਬਾਅਦ ਦੀਪਕ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਹੈ ਅਤੇ ਉਨ੍ਹਾਂ ਇਸ ਨੂੰ ਨਿਭਾਉਣ ਦਾ ਸੰਕਲਪ ਲਿਆ ਹੈ।

Read More : ਪੰਜਾਬ ਦਾ ਧੂੰਆਂ ਦਿੱਲੀ ਵਿਚ ਜ਼ਹਿਰੀਲੀ ਹਵਾ ਲਈ ਜ਼ਿੰਮੇਵਾਰ ਨਹੀਂ : ਭਗਵੰਤ ਮਾਨ

Leave a Reply

Your email address will not be published. Required fields are marked *