Punjabi couple

ਦੁਬਈ ਵਿਚ ਫਸਿਆ ਸਰਦੂਲਗੜ੍ਹ ਦਾ ਨਵ-ਵਿਆਹਿਆ ਜੋੜਾ

ਉਡਾਣਾਂ ਰੱਦ ਹੋਣ ਕਾਰਨ ਹਨੀਮੂਨ ‘ਤੇ ਗਿਆ ਜੋੜਾ ਅਟਕਿਆ; ਪਿਤਾ ਗੁਰਜੰਟ ਸਿੰਘ ਨੇ ਸਰਕਾਰ ਤੋਂ ਸੁਰੱਖਿਅਤ ਵਾਪਸੀ ਲਈ ਮੰਗੀ ਮਦਦ

ਸਰਦੂਲਗੜ੍ਹ : ਇਜ਼ਰਾਈਲ-ਈਰਾਨ ਜੰਗ ਕਾਰਨ ਮੱਧ-ਪੂਰਬ ਵਿੱਚ ਪੈਦਾ ਹੋਏ ਤਣਾਅ ਦਾ ਅਸਰ ਹੁਣ ਪੰਜਾਬ ਦੇ ਪਰਿਵਾਰਾਂ ‘ਤੇ ਵੀ ਦਿਖਣ ਲੱਗਾ ਹੈ। ਮਾਨਸਾ ਜ਼ਿਲ੍ਹੇ ਦੇ ਕਸਬਾ ਸਰਦੂਲਗੜ੍ਹ ਦਾ ਇੱਕ ਨਵ-ਵਿਆਹਿਆ ਜੋੜਾ ਇਸ ਵੇਲੇ ਦੁਬਈ ਵਿੱਚ ਫਸਿਆ ਹੋਇਆ ਹੈ।

ਕੈਨੇਡਾ ਨਿਵਾਸੀ ਗੁਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਹਨੀਮੂਨ ਮਨਾਉਣ ਦੁਬਈ ਗਿਆ ਸੀ, ਪਰ ਖੇਤਰ ਵਿੱਚ ਬਣੀ ਜੰਗੀ ਸਥਿਤੀ ਕਾਰਨ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਉਨ੍ਹਾਂ ਦੀ ਵਤਨ ਵਾਪਸੀ ਅਨਿਸ਼ਚਿਤ ਹੋ ਗਈ ਹੈ।

ਪਰਿਵਾਰ ਅਨੁਸਾਰ ਗੁਰਪ੍ਰੀਤ ਅਤੇ ਉਸ ਦੀ ਪਤਨੀ ਦੀ ਵਾਪਸੀ ਦੀ ਉਡਾਣ 3 ਮਾਰਚ ਨੂੰ ਤੈਅ ਸੀ। ਗੁਰਪ੍ਰੀਤ ਦੇ ਪਿਤਾ ਗੁਰਜੰਟ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਘਰ ਦਾ ਮਾਹੌਲ ਬੇਹੱਦ ਗਮਗੀਨ ਹੈ। ਉਨ੍ਹਾਂ ਕਿਹਾ ਕਿ ਅਸੀਂ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਟੀਵੀ ਚਾਲੂ ਕਰਦੇ ਹਾਂ ਤਾਂ ਜੋ ਜੰਗ ਦੀ ਕੋਈ ਤਾਜ਼ਾ ਅਪਡੇਟ ਮਿਲ ਸਕੇ। ਹਾਲਾਂਕਿ ਗੁਰਪ੍ਰੀਤ ਨੇ ਫ਼ੋਨ ‘ਤੇ ਦੱਸਿਆ ਹੈ ਕਿ ਉਹ ਦੋਵੇਂ ਸੁਰੱਖਿਅਤ ਹਨ ਅਤੇ ਇੱਕ ਹੋਟਲ ਵਿੱਚ ਰਹਿ ਰਹੇ ਹਨ।

ਗੁਰਪ੍ਰੀਤ ਨੇ ਪਰਿਵਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਭਾਰਤੀ ਦੂਤਾਵਾਸ ਦੇ ਸੰਪਰਕ ਵਿਚ ਹਨ ਅਤੇ ਦੂਤਾਵਾਸ ਨੇ ਉਨ੍ਹਾਂ ਨੂੰ ਲਗਾਤਾਰ ਅਪਡੇਟ ਰਹਿਣ ਲਈ ਕਿਹਾ ਹੈ। ਪਰਿਵਾਰਕ ਮੈਂਬਰ ਦਿਨ-ਰਾਤ ਅਰਦਾਸਾਂ ਕਰ ਰਹੇ ਹਨ ਕਿ ਸਥਿਤੀ ਜਲਦ ਆਮ ਵਾਂਗ ਹੋਵੇ ਅਤੇ ਉਡਾਣਾਂ ਮੁੜ ਸ਼ੁਰੂ ਹੋਣ।

ਗੁਰਜੰਟ ਸਿੰਘ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਦੁਬਈ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।

Read More : ਜਲੰਧਰ ਦੇ 2 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Leave a Reply

Your email address will not be published. Required fields are marked *