ਸਬੂਤ ਮਿਟਾਉਣ ਲਈ ਲਾ ਦਿੱਤੀ ਸੀ ਅੱਗ : ਡੀ. ਐੱਸ. ਪੀ. ਚੀਮਾ
ਰਾਜਪੁਰਾ, 17 ਨਵੰਬਰ : ਜ਼ਿਲਾ ਪਟਿਆਲਾ ਦੇ ਕਸਬਾ ਰਾਜਪੁਰਾ ਅਧੀਨ ਆਉਂਦੇ ਥਾਣਾ ਖੇੜੀ ਗੰਡਿਆ ਪੁਲਸ ਨੇ ਨੇੜਲੇ ਪਿੰਡ ਲੋਚਮਾ ਵਿਖੇ ਚਾਚੇ ਦੇ ਸਿਰ ’ਚ ਕਹੀ ਮਾਰ ਕੇ ਕਤਲ ਕਰਨ ਅਤੇ ਸਬੂਤ ਮਿਟਾਉਣ ਲਈ ਅੱਗ ਲਾਉਣ ਵਾਲੇ ਭਤੀਜੇ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਰਾਜਪੁਰਾ ਮਿੰਨੀ ਸਕੱਤਰੇਤ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਰਕਲ ਘਨੌਰ ਦੇ ਡੀ. ਐੱਸ. ਪੀ. ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਲੋਚਮਾ ਦਾ ਵਸਨੀਕ ਬਹਾਦਰ ਸਿੰਘ 45 ਕੁਆਰਾ ਸੀ। ਉਸ ਨੇ ਆਪਣੇ ਭਤੀਜੇ ਖੁਸ਼ਪ੍ਰੀਤ ਸਿੰਘ ਨੂੰ ਗੋਦ ਲਿਆ ਹੋਇਆ ਸੀ। ਇਸ ’ਤੇ ਗੁਰਜੰਟ ਸਿੰਘ ਆਪਣੇ ਚਾਚੇ ਬਹਾਦਰ ਸਿੰਘ ਤੋਂ ਉਸ ਦੇ ਹਿੱਸੇ ਦੀ ਜ਼ਮੀਨ ਆਪਣੇ ਨਾਂ ਲਗਵਾਉਣਾ ਚਾਹੁੰਦਾ ਸੀ।
ਬੀਤੇ ਦਿਨੀਂ ਜਦੋਂ ਬਹਾਦਰ ਸਿੰਘ ਨੇ ਜ਼ਮੀਨ ਨਾਂ ਕਰਵਾਉਣ ਤੋਂ ਨਾਂਹ ਕਰ ਦਿੱਤੀ ਤਾਂ ਗੁੱਸੇ ’ਚ ਆਏ ਗੁਰਜੰਟ ਸਿੰਘ ਨੇ ਆਪਣੇ ਹੱਥ ’ਚ ਕਹੀ ਲੈ ਕੇ ਬਹਾਦਰ ਸਿੰਘ ਦੇ ਸਿਰ ’ਚ ਕਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਇਸ ਤੋਂ ਬਾਅਦ ਸਬੂਤ ਮਿਟਾਉਣ ਲਈ ਬਹਾਦਰ ਸਿੰਘ ਦੀ ਲਾਸ਼ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਖੇੜੀ ਗੰਡਿਆ ਪੁਲਸ ਨੇ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਲੋਚਮਾ ਦੀ ਸ਼ਿਕਾਇਤ ’ਤੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਹਾਕਮ ਸਿੰਘ ਖਿਲਾਫ ਕਤਲ ਸਮੇਤ ਹੋਰਨਾਂ ਧਰਾਵਾਂ ਹੇਠ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਥਾਣਾ ਖੇੜੀ ਗੰਡਿਆ ਪੁਲਸ ਦੇ ਐੱਸ. ਐੱਚ. ਓ. ਜੈਦੀਪ ਸ਼ਰਮਾ ਵੱਲੋਂ ਪੂਰੀ ਮੁਸਤੈਦੀ ਨਾਲ ਕਤਲ ਦੀ ਵਾਰਦਾਤ ਨੂੰ ਟਰੇਸ ਕਰਦਿਆਂ ਮੁੱਖ ਮੁਲਜਮ ਗੁਰਜੰਟ ਸਿੰਘ ਉਰਫ ਜੰਟਾ ਨੂੰ 24 ਘੰਟੇ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ।
Read More : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਫਾਂਸੀ ਦੀ ਸਜ਼ਾ
