ਖੇਤੀ, ਸਿੱਖਿਆ ਤੇ ਸਿਹਤ ਲਈ ਪੇਸ਼ ਕੀਤਾ ਰੋਡਮੈਪ
ਚੰਡੀਗੜ੍ਹ, 8 ਅਪ੍ਰੈਲ – ਡਾ. ਨਵਜੋਤ ਕੌਰ ਸਿੱਧੂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਭਾਰਤੀ ਰਾਸ਼ਟਰਵਾਦੀ ਪਾਰਟੀ ਦੇ ਬੈਨਰ ਹੇਠ ਲੜਨ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਆਪਣਾ ਵਿਸਥਾਰਤ ਰੋਡਮੈਪ ਪੇਸ਼ ਕੀਤਾ, ਜਿਸ ਵਿੱਚ ਸੂਬੇ ਦੇ ਸਰਵਪੱਖੀ ਸੁਧਾਰਾਂ ਲਈ ਵੱਡੇ ਕਦਮ ਚੁੱਕਣ ਦੀ ਗੱਲ ਕਹੀ ਗਈ ਹੈ।
ਡਾ. ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਸੂਬੇ ਦੀਆਂ ਸਾਰੀਆਂ 117 ਸੀਟਾਂ ‘ਤੇ ਚੋਣ ਲੜੇਗੀ। ਪਾਰਟੀ ਦੀ ਰਣਨੀਤੀ ਅਨੁਸਾਰ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਸਿਆਸੀ ਪਹੁੰਚ ਦੀ ਬਜਾਏ ਸਬੰਧਤ ਖੇਤਰਾਂ ਵਿੱਚ ਉਨ੍ਹਾਂ ਦੀ ਮੁਹਾਰਤ (Expertise) ਦੇ ਆਧਾਰ ‘ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਮੈਡੀਕਲ ਖੇਤਰ ਦੇ ਜਾਣਕਾਰ ਨੂੰ ਅਤੇ ਸਿੱਖਿਆ ਲਈ ਉਸ ਵਿਅਕਤੀ ਨੂੰ ਅੱਗੇ ਲਿਆਂਦਾ ਜਾਵੇਗਾ, ਜੋ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਦੀ ਸਮਰੱਥਾ ਰੱਖਦਾ ਹੋਵੇ।
ਸਰਕਾਰ ਵਿੱਚ ਜਵਾਬਦੇਹੀ ਯਕੀਨੀ ਬਣਾਉਣ ਲਈ ਹਰ ਵਿਭਾਗ ਨੂੰ ਮਹੀਨਾਵਰ ਰਿਪੋਰਟ ਦੇਣੀ ਲਾਜ਼ਮੀ ਹੋਵੇਗੀ। ਹਰ ਮੰਤਰੀ ਦੇ ਕੰਮ ਦੀ ਨਿਗਰਾਨੀ ਲਈ 10 ਮੈਂਬਰੀ ਕਮੇਟੀ ਬਣਾਈ ਜਾਵੇਗੀ ਅਤੇ ਕੋਈ ਵੀ ਸਰਕਾਰੀ ਫਾਈਲ ਬਿਨਾਂ ਮਾਹਰਾਂ ਦੀ ਸਲਾਹ ਦੇ ਸਾਈਨ ਨਹੀਂ ਹੋਵੇਗੀ।
ਖੇਤੀਬਾੜੀ ਖੇਤਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ‘ਗੋਲਡਨ ਸਟੇਟ’ ਬਣਾਉਣ ਲਈ ਰਵਾਇਤੀ ਫ਼ਸਲਾਂ ਦੀ ਥਾਂ ਨਵੀਆਂ ਅਤੇ ਲਾਭਕਾਰੀ ਫ਼ਸਲਾਂ ਜਿਵੇਂ ਨਿੰਬੂ, ਹਲਦੀ ਅਤੇ ਹੋਰ ਸਿਹਤ-ਪੱਖੀ ਉਤਪਾਦਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਜਿਨ੍ਹਾਂ ਦੀ ਖ਼ਰੀਦ ਸਰਕਾਰ ਖ਼ੁਦ ਯਕੀਨੀ ਬਣਾਵੇਗੀ।
ਮੈਡੀਕਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਮਾਹਰ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਜਾਵੇਗੀ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਉਨ੍ਹਾਂ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਲਈ ਕਾਊਂਸਲਿੰਗ ਲਾਜ਼ਮੀ ਕਰਨ ‘ਤੇ ਵੀ ਜ਼ੋਰ ਦਿੱਤਾ। ਡਾ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਦੇ ਸਿਸਟਮ ਨੂੰ ਆਲਮੀ ਪੱਧਰ ‘ਤੇ ਇੱਕ ਮਿਸਾਲੀ ਮਾਡਲ ਵਜੋਂ ਸਥਾਪਿਤ ਕਰਨਾ ਹੈ।
Read More : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ, ਮਿਲੇਗਾ ਮਹਿੰਗਾਈ ਭੱਤੇ ਦਾ ਪੂਰਾ ਬਕਾਇਆ
