ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
ਚੰਡੀਗੜ੍ਹ, 4 ਅਪ੍ਰੈਲ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਹੋਏ ਮੀਂਹ ਅਤੇ ਭਾਰੀ ਗੜੇਮਾਰੀ ਕਾਰਨ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਇਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਗੜੇ ਪੈਣ ਕਾਰਨ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਹ ਫ਼ਸਲ ਇਸ ਸਮੇਂ ਪੱਕਣ ਦੇ ਨੇੜੇ ਸੀ, ਪਰ ਕੁਦਰਤੀ ਆਫ਼ਤ ਨੇ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ।
ਮੌਸਮ ਵਿਭਾਗ ਅਨੁਸਾਰ ਤੇਜ਼ ਹਵਾਵਾਂ ਅਤੇ ਗੜਿਆਂ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਜ਼ਮੀਨ ’ਤੇ ਵਿਛ ਗਈ ਹੈ, ਜਿਸ ਨਾਲ ਪੈਦਾਵਾਰ ਘਟਣ ਦਾ ਖ਼ਤਰਾ ਬਣ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਵਾਢੀ ਤੋਂ ਠੀਕ ਪਹਿਲਾਂ ਆਈ ਇਸ ਮੁਸੀਬਤ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਨਾ ਹੋਇਆ ਤਾਂ ਨੁਕਸਾਨ ਹੋਰ ਵੀ ਵਧ ਸਕਦਾ ਹੈ।
ਇਸ ਦੌਰਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਸਥਿਤੀ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਇਸ ਸੰਕਟ ਵਿੱਚੋਂ ਨਿਕਲ ਸਕਣ।
ਦੂਜੇ ਪਾਸੇ, ਕਿਸਾਨ ਜਥੇਬੰਦੀਆਂ ਨੇ ਵੀ ਸਰਕਾਰ ‘ਤੇ ਦਬਾਅ ਪਾਉਂਦਿਆਂ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲਗਾਤਾਰ ਬਦਲਦੇ ਮੌਸਮ ਅਤੇ ਬੇਮੌਸਮੀ ਮੀਂਹ ਨੇ ਖੇਤੀਬਾੜੀ ਨੂੰ ਅਸਥਿਰ ਕਰ ਦਿੱਤਾ ਹੈ।
ਉਨ੍ਹਾਂ ਸਰਕਾਰ ਨੂੰ ਫ਼ਸਲ ਬੀਮਾ ਅਤੇ ਰਾਹਤ ਪੈਕੇਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕਿਹਾ ਹੈ। ਪ੍ਰਭਾਵਿਤ ਕਿਸਾਨਾਂ ਅਨੁਸਾਰ ਕਈ ਥਾਵਾਂ ‘ਤੇ ਕਣਕ ਦੀਆਂ ਬੱਲੀਆਂ ਝੁਕ ਗਈਆਂ ਹਨ, ਜਿਸ ਨਾਲ ਫ਼ਸਲ ਦੀ ਗੁਣਵੱਤਾ ‘ਤੇ ਵੀ ਮਾੜਾ ਅਸਰ ਪਵੇਗਾ।
Read More : ਵਿਜੀਲੈਂਸ ਦਾ ਐਕਸ਼ਨ: ਨਾਇਬ ਕੋਰਟ 10,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
