ਸਿਹਤ ਮੰਤਰੀ ਨੇ ਪਿੰਡ ਨਵਾਂ ਫ਼ਤਿਹਪੁਰ, ਧਨੌਰੀ, ਧਨੌਰਾ ਤੇ ਦਿਆਗੜ੍ਹ ਵਾਸੀਆਂ ਨੂੰ ਨਸ਼ਿਆਂ ਖਿਲਾਫ ਕੀਤਾ ਲਾਮਬੰਦ
ਪਟਿਆਲਾ, 16 ਜੁਲਾਈ :– ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੂਬੇ ਭਰ ’ਚ ਚੱਲ ਰਹੀ ਨਸ਼ਾ ਮੁਕਤੀ ਯਾਤਰਾ ਦਾ ਦੂਜਾ ਪੜਾਅ ਪਟਿਆਲਾ ਜ਼ਿਲੇ ’ਚ ਸ਼ੁਰੂ ਹੋ ਗਿਆ ਹੈ। ਇਸ ਦੀ ਅਗਵਾਈ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ’ਚ ਜਾਗਰੂਕਤਾ ਪ੍ਰੋਗਰਾਮ ’ਚ ਸ਼ਿਰਕਤ ਕਰ ਕੇ ਕੀਤੀ ਗਈ।
ਪਟਿਆਲਾ ਜ਼ਿਲੇ ਦੇ ਪਿੰਡ ਨਵਾਂ ਫ਼ਤਿਹਪੁਰ, ਧਨੌਰੀ, ਧਨੌਰਾ ਤੇ ਦਿਆਗੜ੍ਹ ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕਰਨ ਲਈ ਪੁੱਜੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਦਾ ਜੜ੍ਹ ਤੋਂ ਖ਼ਾਤਮਾ ਕਰਨ ਲਈ ਹਰੇਕ ਪਿੰਡ ਵਾਸੀ ਨਸ਼ਿਆਂ ਖਿਲਾਫ ਵਿੱਢੀ ਇਸ ਲੜਾਈ ਦਾ ਹਿੱਸਾ ਬਣ ਕੇ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਆਪਣਾ ਯੋਗਦਾਨ ਪਾਵੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਹਰੇਕ ਖੇਤਰ ’ਚ ਕ੍ਰਾਂਤੀਕਾਰੀ ਕਦਮ ਉਠਾਏ ਜਾ ਰਹੇ ਹਨ। ਇਸ ਲੜੀ ਤਹਿਤ ਨਸ਼ਿਆਂ ਦੇ ਕੋਹੜ ਦਾ ਖ਼ਾਤਮਾ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਬਣਨ ਲਈ ਨਸ਼ਿਆਂ ਦੇ ਕੌਹੜ ਦਾ ਜੜ੍ਹ ਤੋਂ ਖ਼ਾਤਮਾ ਜ਼ਰੂਰੀ ਹੈ।
ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ ਇਕਜੁੱਟ ਹੋਣ ਦੀ ਸਹੁੰ ਚੁਕਾਉਂਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਲੜਾਈ ਸਾਡੀਆਂ ਆਉਣ ਵਾਲੀਆਂ ਪੀੜ੍ਹੀ ਦੇ ਸੁਰੱਖਿਅਤ ਭਵਿੱਖ ਦੀ ਲੜਾਈ ਹੈ। ਇਸ ’ਚ ਹਰੇਕ ਵਿਅਕਤੀ ਆਪਣਾ ਬਣਦਾ ਯੋਗਦਾਨ ਪਾਵੇ। ਡਾ. ਬਲਬੀਰ ਸਿੰਘ ਨੇ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਨੂੰ ਕਿਹਾ ਕਿ ਸੂਬੇ ’ਚੋਂ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ’ਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।
ਪਿੰਡ ਵਾਸੀਆਂ ਨੂੰ ਨਿਰੰਤਰ ਨਸ਼ੇ ਖਿਲਾਫ ਲੜੀ ਜਾ ਰਹੀ ਜੰਗ ’ਚ ਇਕਜੁੱਟ ਹੋ ਕੇ ਸਰਕਾਰ ਦਾ ਸਹਿਯੋਗ ਦੇਣ ਲਈ ਪ੍ਰੇਰਤ ਕੀਤਾ ਜਾਵੇ। ਉਨ੍ਹਾਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਉਨ੍ਹਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ’ਚ ਲਿਆਂਦਾ ਜਾਵੇ, ਜਿਥੇ ਨਸ਼ਿਆਂ ਦੀ ਦਲਦਲ ’ਚ ਫਸੇ ਵਿਅਕਤੀਆਂ ਦਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਅਤੇ ਢੁੱਕਵਾਂ ਇਲਾਜ ਦੇਣ ਸਮੇਤ ਕਿੱਤਾ ਮੁਖੀ ਕੋਰਸ ਕਰਵਾ ਕੇ ਸਵੈ-ਰੋਜ਼ਗਾਰ ਦੇ ਕਾਬਿਲ ਵੀ ਬਣਾਇਆ ਜਾਂਦਾ ਹੈ।
ਇਸ ਮੌਕੇ ਡੀ. ਐੱਸ. ਪੀ. ਮਨੋਜ ਗੋਰਸੀ, ਡੀ. ਡੀ. ਪੀ. ਓ. ਮਹਿੰਦਰਪਾਲ ਸਿੰਘ, ਬੀ. ਡੀ. ਪੀ. ਓ. ਬਲਜੀਤ ਸਿੰਘ ਸੋਹੀ, ਜੈ ਸ਼ੰਕਰ, ਹਰਪਾਲ ਸਿੰਘ ਵਿਰਕ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।
Read More : ਸ੍ਰੀ ਹਰਿਮੰਦਰ ਸਾਹਿਬ ਨੂੰ ਤੀਜੇ ਦਿਨ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ