Nagar Kirtan

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਤਰਨਤਾਰਨ ਪੁੱਜਾ

ਸੰਗਤ ਨੇ ਫੁੱਲਾਂ ਦੀ ਵਰਖਾ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਕੀਤਾ ਸਵਾਗਤ

ਤਰਨਤਾਰਨ, 26 ਅਕਤੂਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ (ਜਾਗ੍ਰਿਤੀ ਯਾਤਰਾ) ਆਪਣੇ 38ਵੇਂ ਦਿਨ ਵਿਚ ਪ੍ਰਵੇਸ਼ ਕਰਦਿਆਂ ਪੂਰੇ ਤਰਨਤਾਰਨ ਜ਼ਿਲੇ ਵਿਚ ਪੁੱਜਾ। ਇਹ ਵਿਸ਼ਾਲ ਨਗਰ ਕੀਰਤਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਟੀ.ਐੱਸ.ਐੱਚ.ਜੇ.ਪੀ.ਪੀ.ਸੀ. ਵੱਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ।

ਇਸ ਦਾ ਮਕਸਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਸਥਾ, ਏਕਤਾ ਤੇ ਭਾਈਚਾਰੇ ਦੀ ਭਾਵਨਾ ਦੇ ਅਮਰ ਸੰਦੇਸ਼ ਨੂੰ ਦੇਸ਼ ਭਰ ਵਿਚ ਪ੍ਰਸਾਰਿਤ ਕਰਨਾ ਹੈ। ਇਹ ਪਹਿਲ ਪਟਨਾ ਸਾਹਿਬ, ਜੋ ਗੁਰੂ ਜੀ ਦਾ ਪਵਿੱਤਰ ਜਨਮ ਸਥਾਨ ਹੈ, ਦੀ ਇਤਿਹਾਸਕ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ।

ਪੰਜਾਬ ਵਿਚ ਨਗਰ ਕੀਰਤਨ ਦੇ ਕੋਆਰਡੀਨੇਟਰ ਮਾਲਵਿੰਦਰ ਸਿੰਘ ਬੈਨੀਪਾਲ ਨੇ ਰਣਜੀਤ ਸਿੰਘ ਰਾਣਾ, ਭਵਨ ਸਿੰਘ ਖੋਜੀ, ਬਾਬਾ ਅਮਰ ਸਿੰਘ, ਹਰਦੀਪ ਸਿੰਘ ਅਤੇ ਹੋਰਾਂ ਦੇ ਨਾਲ ਸ਼ਰਧਾ ਨਾਲ ਕੀਰਤਨ ਦੀ ਅਗਵਾਈ ਕੀਤੀ।

ਗੁਰੂਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਇਕ ਰਾਤ ਦੇ ਠਹਿਰਾਅ ਤੋਂ ਬਾਅਦ ਨਗਰ ਕੀਰਤਨ ਸ਼ਨੀਵਾਰ ਨੂੰ ਤਲਵੰਡੀ ਚੌਧਰੀਆਂ ਤੇ ਹੋਰ ਰਸਤਿਆਂ ਤੋਂ ਲੰਘਦੇ ਹੋਏ ਮੁੱਖ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਤਲਵੰਡੀ ਚੌਧਰੀਆਂ, ਮੁੰਡੀ ਮੋੜ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਮਿਗਲਾਣੀ, ਕੰਗ, ਬਾਠ ਰਾਂਹੀ ਤਰਨਤਾਰਨ ਸ਼ਹਿਰ ਵਿਚ ਦਾਖਲ ਹੋਇਆ। ਰਸਤੇ ਵਿਚ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ।

ਨਗਰ ਕੀਰਤਨ ਵਿਚ ਰਾਗੀ ਜਥਿਆਂ, ਨਿਹੰਗ ਸਿੰਘਾਂ, ਗੁਰਸੇਵਾ ਨਾਲ ਜੁੜੀਆਂ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਨੇ ਧਾਰਮਿਕ ਝਾਕੀਆਂ ਅਤੇ ਨਿਸ਼ਾਨ ਸਾਹਿਬਾਂ ਨਾਲ ਭਗਤੀ ਤੇ ਸ਼ਰਧਾ ਦਾ ਮਨਮੋਹਕ ਦ੍ਰਿਸ਼ ਪੇਸ਼ ਕੀਤਾ। ਪੂਰੇ ਮਾਰਗ ‘ਤੇ ਸੁਰੱਖਿਆ ਅਤੇ ਪ੍ਰਬੰਧ ਦੇ ਪੁਖ਼ਤਾ ਇੰਤਜ਼ਾਮ ਪ੍ਰਸ਼ਾਸਨ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਵੱਲੋਂ ਕੀਤੇ ਗਏ।

ਇਹ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਪੁੱਜਾ, ਜਿੱਥੇ ਪੰਜ ਪਿਆਰੇ ਸਾਹਿਬਾਨ ਅਤੇ ਪ੍ਰਬੰਧਕਾਂ ਨੇ ਮੱਥਾ ਟੇਕਿਆ। ਇਹ ਨਗਰ ਕੀਰਤਨ ਇੱਥੋਂ ਅਗਲੇ ਪੜਾਅ ਅੰਮ੍ਰਿਤਸਰ ਲਈ ਰਵਾਨਾ ਹੋਇਆ।

Read More : ਜ਼ਿਲਾ ਗੁਰਦਾਸਪੁਰ ਦਾ ਗੁਰਪਾਲ ਸਿੰਘ ਕੈਨੇਡਾ ’ਚ ਬਣਿਆ ਜੇਲ ਅਫਸਰ

Leave a Reply

Your email address will not be published. Required fields are marked *