ਇੰਗਲੈਂਡ ਨਿਵਾਸੀ ਐੱਨ. ਅਾਰ. ਆਈ. ਦੇ ਕਹਿਣ ’ਤੇ ਵਾਰਦਾਤ ਨੂੰ ਦਿੱਤਾ ਅੰਜਾਮ
ਲੁਧਿਆਣਾ, 17 ਸਤੰਬਰ –ਅਮਰੀਕਨ ਸਿਟੀਜ਼ਨ 72 ਸਾਲਾ ਰੁਪਿੰਦਰ ਕੌਰ ਪੰਧੇਰ ਨੂੰ ਜ਼ਿਲਾ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਦੇ ਇਕ ਘਰ ਵਿਚ ਕਤਲ ਕਰ ਦਿੱਤਾ ਗਿਆ ਤੇ ਲਾਸ਼ ਕੋਲਿਆਂ ਨਾਲ ਸਾੜ ਕੇ ਸੂਏ ਵਿਚ ਸੁੱਟ ਦਿੱਤੀ ਗਈ। ਕਥਿਤ ਮੁਲਜ਼ਮ ਕਿਲਾ ਰਾਏਪੁਰ ਨਿਵਾਸੀ ਸੁਖਜੀਤ ਸਿੰਘ ਨੂੰ ਡੇਹਲੋਂ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਉਸ ਨੇ ਮਹਿਮਾ ਸਿੰਘ ਵਾਲਾ ਪਿੰਡ ਦੇ ਇੰਗਲੈਂਡ ਵੱਸਦੇ ਐੱਨ. ਆਰ. ਆਈ. ਚਰਨਜੀਤ ਸਿੰਘ ਗਰੇਵਾਲ ਪੁੱਤਰ ਸਰਦਾਰਾ ਸਿੰਘ ਵਲੋਂ ਘੜੀ ਸਾਜ਼ਿਸ਼ ਅਧੀਨ ਕਤਲ ਕਰਨਾ ਕਬੂਲਿਆ ਹੈ। ਜਾਣਕਾਰੀ ਅਨੁਸਾਰ ਉਕਤ ਔਰਤ ਇੰਗਲੈਂਡ ਵਾਸੀ ਅਾਪਣੇ ਦੋਸਤ ਨਾਲ ਵਿਆਹ ਕਰਵਾਉਣ ਭਾਰਤ ਆਈ ਸੀ।
ਡੇਹਲੋਂ ਪੁਲਸ ਅਨੁਸਾਰ 18 ਅਗਸਤ ਨੂੰ ਮੁਲਜ਼ਮ ਸੁਖਜੀਤ ਸਿੰਘ ਉਰਫ ਸੋਨੂੰ ਪੁੱਤਰ ਰਾਮ ਸਿੰਘ ਵਾਸੀ ਪਿੰਡ ਕਿਲਾ ਰਾਏਪੁਰ ਨੇ ਮ੍ਰਿਤਕਾ ਰੁਪਿੰਦਰ ਕੌਰ ਪੁੱਤਰੀ ਹਰਭਜਨ ਸਿੰਘ ਵਾਸੀ ਸ਼ਿਮਲਾਪੁਰੀ ਲੁਧਿਆਣਾ ਹਾਲ ਵਾਸੀ ਅਮਰੀਕਾ ਦੇ ਗੁੰਮ ਹੋਣ ਸਬੰਧੀ ਥਾਣਾ ਡੇਹਲੋਂ ਵਿਖੇ ਮੁਕੱਦਮਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਥਾਣਾ ਮੁਖੀ ਡੇਹਲੋਂ ਇੰਸ. ਸੁਖਜਿੰਦਰ ਸਿੰਘ ਨੇ ਮੁਖਬਰ ਦੀ ਇਤਲਾਹ ’ਤੇ ਸੁਖਜੀਤ ਸਿੰਘ ਨੂੰ ਨਾਮਜ਼ਦ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਅਤੇ ਅੰਡਰਬ੍ਰਿਜ ਨੇੜੇ ਸੂਏ ਕੋਲੋਂ ਗ੍ਰਿਫਤਾਰ ਕਰ ਕੇ ਅਤੇ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ।
ਉਸ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਉਸ ਨੇ 12 ਜੁਲਾਈ ਨੂੰ ਰੁਪਿੰਦਰ ਕੌਰ ਦਾ ਕਤਲ ਐੱਨ. ਆਰ. ਆਈ. ਚਰਨਜੀਤ ਸਿੰਘ ਦੇ ਕਹਿਣ ’ਤੇ ਕੀਤਾ ਸੀ, ਜਿਸ ਬਦਲੇ ਚਰਨਜੀਤ ਨੇ ਉਸਨੂੰ ਵਿਦੇਸ਼ ਲੈ ਕੇ ਜਾਣਾ ਸੀ ਅਤੇ ਸਾਰਾ ਖਰਚਾ ਖੁਦ ਕਰਨਾ ਸੀ ਅਤੇ ਇਸੇ ਲਾਲਚ ਤਹਿਤ ਹੀ ਉਸ ਨੇ ਰੁਪਿੰਦਰ ਕੌਰ ਨੂੰ ਕਤਲ ਕਰ ਕੇ ਲਾਸ਼ ਆਪਣੇ ਘਰ ਵਿਚ ਬਣੇ ਸਟੋਰ ਵਿਚ ਕੋਲਿਆਂ ਨਾਲ ਸਾੜਨ ਤੋਂ ਬਾਅਦ ਥੈਲਿਆਂ ਵਿਚ ਪਾ ਕੇ ਸੂਏ ਵਿਚ ਸੁੱਟ ਦਿੱਤੀ, ਤਾਂ ਜੋ ਕਿਸੇ ਨੂੰ ਕਈ ਸਬੂਤ ਨਾ ਮਿਲ ਸਕੇ।
ਥਾਣਾ ਮੁਖੀ ਸੁਖਜਿੰਦਰ ਸਿੰਘ ਨੇ ਪੁਲਸ ਪਾਰਟੀ ਤੋਂ ਸਟੋਰ ਵਿਚੋਂ ਲਿਫ਼ਾਫ਼ਾ ਅਤੇ ਹਥੌੜਾ ਅਤੇ ਕਥਿਤ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਘੁੰਗਰਾਣਾ ਸੂਆ (ਨੇੜੇ ਖੁਸ਼ਕ ਬੰਦਰਗਾਹ) ਵਿਚੋਂ ਰੁਪਿੰਦਰ ਕੌਰ ਦੀਆਂ ਹੱਡੀਆਂ ਤੇ ਉਸਦਾ ਤੋੜਿਆ ਗਿਆ ਮੋਬਾਇਲ ਬਰਾਮਦ ਕਰਵਾਇਆ।
Read More : ਸਾਬਕਾ ਮੰਤਰੀ ਧਰਮਸੋਤ ਦੇ ਪੁੱਤਰ ਨੇ ਅਦਾਲਤ ਵਿਚ ਕੀਤਾ ਆਤਮ ਸਮਰਪਣ
