ਸੁਨਾਮ ਦੀ ਇੰਦਰਾ ਬਸਤੀ ਵਿੱਚ ਵਾਪਰੀ ਖ਼ੂਨੀ ਵਾਰਦਾਤ
ਸੁਨਾਮ ਊਧਮ ਸਿੰਘ ਵਾਲਾ, 1 ਅਪ੍ਰੈਲ : ਸੁਨਾਮ ਸ਼ਹਿਰ ਦੀ ਇੰਦਰਾ ਬਸਤੀ ਵਿੱਚ ਬੀਤੀ ਰਾਤ ਬੱਚਿਆਂ ਦੇ ਮਾਮੂਲੀ ਝਗੜੇ ਨੇ ਉਸ ਵੇਲੇ ਖ਼ੂਨੀ ਰੂਪ ਧਾਰ ਲਿਆ, ਜਦੋਂ ਦੋਵਾਂ ਧਿਰਾਂ ਦਾ ਸਮਝੌਤਾ ਕਰਵਾਉਣ ਗਏ ਇੱਕ 50 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਜ ਕੁਮਾਰ ਪੁੱਤਰ ਛੋਟੂ ਰਾਮ ਵਾਸੀ ਇੰਦਰਾ ਬਸਤੀ ਵਜੋਂ ਹੋਈ ਹੈ। ਇਸ ਹਮਲੇ ਵਿੱਚ ਰਾਜ ਕੁਮਾਰ ਦਾ ਭਤੀਜਾ ਬਲਿੰਦਰ ਕੁਮਾਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ਹਿਰੀ ਸੁਨਾਮ ਦੇ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਇੰਦਰਾ ਬਸਤੀ ਵਿੱਚ ਹਨੂਮਾਨ ਮੰਦਰ ਨੇੜੇ ਬੱਚਿਆਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ। ਦੇਖਦੇ ਹੀ ਦੇਖਦੇ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਆਪਸ ਵਿੱਚ ਉਲਝ ਗਏ। ਜਦੋਂ ਰਾਜ ਕੁਮਾਰ ਆਪਣੇ ਭਤੀਜੇ ਬਲਿੰਦਰ ਕੁਮਾਰ ਸਮੇਤ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਲਈ ਮੌਕੇ ‘ਤੇ ਪਹੁੰਚਿਆ, ਤਾਂ ਇੱਕ ਧਿਰ ਨੇ ਗੁੱਸੇ ਵਿੱਚ ਆ ਕੇ ਅੱਧੀ ਦਰਜਨ ਦੇ ਕਰੀਬ ਬਾਹਰਲੇ ਨੌਜਵਾਨਾਂ ਨੂੰ ਬੁਲਾ ਲਿਆ।
ਹਮਲਾਵਰਾਂ ਨੇ ਮੌਕੇ ‘ਤੇ ਪਹੁੰਚਦਿਆਂ ਹੀ ਰਾਜ ਕੁਮਾਰ ‘ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਛੇ ਨੌਜਵਾਨਾਂ— ਹੈਰੀ, ਸਾਵਨ, ਗੋਬਿੰਦ, ਅਮਨ, ਕਰਨ ਅਤੇ ਵਰੁਣ (ਸਾਰੇ ਵਾਸੀ ਸੁਨਾਮ) ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਵੱਲੋਂ ਫਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀ ਬਲਿੰਦਰ ਕੁਮਾਰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੂਰੇ ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਅਤੇ ਦਹਿਸ਼ਤ ਦਾ ਮਾਹੌਲ ਹੈ।
Read More : ਡੀ.ਐੱਮ. ਰੰਧਾਵਾ ਦੇ ਘਰ ਦੀ ਬਿਜਲੀ ਕੱਟਣ ਵਾਲੇ ਨੌਜਵਾਨ ਦੀ ਪੁਲਿਸ ਹਿਰਾਸਤ ’ਚ ਮੌਤ
