ਸ਼ਮਸ਼ਾਨਘਾਟ ਦੇ ਨੇੜਿਓਂ ਲਾਸ਼ ਬਰਾਮਦ
ਹੁਸ਼ਿਆਰਪੁਰ, 10 ਸਤੰਬਰ : ਜ਼ਿਲਾ ਹੁਸ਼ਿਆਰਪੁਰ ਸ਼ਹਿਰ ਦੇ ਵਾਰਡ ਨੰਬਰ-27 ਦੇ ਮੁਹੱਲਾ ਨਿਊ ਦੀਪਨਗਰ ’ਚ ਬੀਤੇ ਦਿਨ 5 ਸਾਲਾ ਲੜਕੇ ਨੂੰ ਅਗਵਾ ਕਰਨ ਤੋਂ ਬਾਅਦ ਉਸਦਾ ਕਤਲ ਕਰ ਕੇ ਲਾਸ਼ ਨੂੰ ਸੁੱਟ ਦਿੱਤਾ ਗਿਆ। ਜਦਕਿ ਪੁਲਸ ਨੇ ਬੱਚੇ ਦੀ ਕਤਲ ਦੀ ਪੁਸ਼ਟੀ ਨਹੀਂ ਕੀਤੀ ਹੈ। ਉਥੇ ਹੀ ਲੜਕੇ ਦੀ ਕਤਲ ਕਰ ਕੇ ਲਾਸ਼ ਸੁੱਟੇ ਜਾਣ ਨਾਲ ਲੋਕਾਂ ’ਚ ਭਾਰੀ ਰੋਹ ਪਾਇਆ ਜਾ ਰਿਹਾ ਹੈ।
ਬੱਚੇ ਦੀ ਮਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਹਰਵੀਰ, ਜਿਸਦੀ ਉਮਰ 5 ਸਾਲ ਹੈ। ਆਪਣੀ ਭੈਣ ਨਾਲ ਉਸ ਨੂੰ ਦੱਸ ਕੇ ਗੁਰਦੁਆਰਾ ਸਾਹਿਬ ਗਏ ਸੀ। ਜਦੋਂ ਦੇਰ ਸ਼ਾਮ ਉਸਦੀ ਲੜਕੀ ਇਕੱਲੀ ਘਰ ਪਰਤ ਆਈ ਤਾਂ ਉਸ ਨੇ ਪੁੱਛਿਆ ਕਿ ਉਸਦਾ ਭਰਾ ਕਿ੍ੱਥੇ ਹੈ ਤਾਂ ਉਸ ਨੇ ਕਿਹਾ ਕਿ ਉਹ ਉਸ ਨਾਲ ਨਹੀਂ ਆਇਆ। ਇਸ ’ਤੇ ਉਸਨੇ ਸੋਚਿਆ ਕਿ ਸ਼ਾਇਦ ਉਹ ਗੁਰਦੁਆਰਾ ਸਾਹਿਬ ’ਚ ਹੀ ਹੋਵੇਗਾ, ਉਹ ਉਸਨੂੰ ਉਥੇ ਦੇਖਣ ਗਈ ਪਰ ਉਹ ਨਹੀਂ ਮਿਲਿਆ।
ਇਸ ’ਤੇ ਉਨ੍ਹਾਂ ਨੇ ਇਲਾਕੇ ਦੀ ਕੌਂਸਲਰ ਦਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਡਾ. ਪੀ. ਐੱਸ. ਮਾਨ ਦੇ ਨਾਲ ਸੰਪਰਕ ਕੀਤਾ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਆ ਕੇ ਕਾਰਵਾਈ ਕਰਦੇ ਹੋਏ ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਅਤੇ ਮੁਹੱਲੇ ’ਚ ਹਰ ਕੋਨੇ ’ਚ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਘਟਨਾ ਦੇ ਬਾਰੇ ’ਚ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਵਿਸ਼ੇਸ਼ ਟੀਮਾਂ ਬਣਾ ਕੇ ਬੱਚੇ ਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਯਤਨ ਕੀਤਾ।
ਰਾਤ ਭਰ ਪੁਲਸ ਐੱਸ.ਪੀ. ਮੁਕੇਸ਼ ਕੁਮਾਰ ਅਤੇ ਡੀ.ਐੱਸ.ਪੀ. ਸਿਟੀ ਦੇਵਦੱਤ ਸ਼ਰਮਾ ਦੀ ਅਗਵਾਈ ’ਚ ਬੱਚੇ ਦੀ ਭਾਲ ਕਰਦੀ ਰਹੀ। ਸੀ.ਸੀ.ਟੀ.ਵੀ. ਕੈਮਰਿਆਂ ਤੋਂ ਪਤਾ ਲੱਗਾ ਕਿ ਅਗਵਾਕਰਤਾ ਬੱਚ ਨੂੰ ਆਪਣੀ ਸਕੂਟਰੀ ਦੇ ਅੱਗੇ ਬਿਠਾ ਕੇ ਲੈ ਗਿਆ।
ਸਕੂਟਰੀ ਦੇ ਸਹਾਰੇ ਉਸਦੇ ਮਾਲਕ ਤੱਕ ਪਹੁੰਚੇ ਤਾਂ ਪਤਾ ਲੱਗਾ ਕਿ ਇਹ ਸਬਜ਼ੀ ਮੰਡੀ ’ਚ ਇਕ ਗੋਦਾਮ ਦੇ ਮਾਲਕ ਬਲਰਾਮ ਦੀ ਹੈ। ਜਦੋਂ ਉਸ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੀ ਸਕੂਟਰੀ ਉਸਦੇ ਉਥੇ ਕੰਮ ਕਰਨ ਵਾਲਾ ਇਕ ਪ੍ਰਵਾਸੀ ਯਾਦਵ ਲੈ ਕੇ ਗਿਆ ਸੀ। ਇਸ ਦੇ ਬਾਅਦ ਪੁਲਸ ਨੇ ਯਾਦਵ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਜਲਦ ਹੀ ਉਸ ਨੂੰ ਰਾਊਂਡਅਪ ਕਰ ਲਿਆ। ਜਦੋਂ ਪੁਲਸ ਨੇ ਉਸ ਨੂੰ ਫੜਿਆ ਤਾਂ ਉਸਨੇ ਬੁਰੀ ਤਰ੍ਹਾਂ ਨਾਲ ਸ਼ਰਾਬ ਪੀਤੀ ਹੋਈ ਸੀ। ਇਸ ਦੇ ਬਾਅਦ ਅੱਜ ਸਵੇਰੇ ਵੀ ਪੁਲਸ ਕਈ ਐਗਲਾਂ ’ਤੇ ਕੰਮ ਕਰਦੀ ਰਹੀ। ਇਸ ਦੌਰਾਨ ਪੁਲਸ ਨੂੰ ਰਹੀਮਪੁਰ ਸ਼ਮਸ਼ਾਨਘਾਟ ਦੇ ਨੇੜਿਓਂ ਬੱਚੇ ਦੀ ਲਾਸ਼ ਬਰਾਮਦ ਹੋਈ। ਇਸਦੇ ਬਾਅਦ ਪੁਲਸ ਨੇ ਉਸਦੇ ਮਾਤਾ-ਪਿਤਾ ਨੂੰ ਇਸ ਬਾਰੇ ਸੂਚਿਤ ਕੀਤਾ।
ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਸਾਰੇ ਦਸਤਾਵੇਜ਼ਾਂ ਨੂੰ ਇਕੱਠਾ ਕਰ ਕੇ ਜਲਦ ਇਨਕੁਆਰੀ ਪੂਰੀ ਕਰ ਕੇ ਮਾਮਲਾ ਫਾਸਟ ਟ੍ਰੈਕ ਕੋਰਟ ’ਚ ਚਲਾਉਣ ਦੇ ਨਾਲ-ਨਾਲ ਅਦਾਲਤ ਤੋਂ ਦੋਸ਼ੀ ਨੂੰ ਅਜਿਹੀ ਸਜ਼ਾ ਦੇਣ ਦੀ ਮੰਗ ਕੀਤੀ ਜਾਵੇਗੀ ਕਿ ਹੋਰ ਦੂਜਾ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਤੋਂ ਪਹਿਲਾਂ 100 ਵਾਰ ਸੋਚੇ।
ਮੇਰੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ : ਕੁਲਵਿੰਦਰ ਕੌਰ
ਬੱਚੇ ਦੀ ਮਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਹੈ। ਉਹ ਤਾਂ 2 ਮਹੀਨੇ ਪਹਿਲਾਂ ਹੀ ਇਸ ਮੁਹੱਲੇ ’ਚ ਆ ਕੇ ਰਹਿਣ ਲੱਗੀ ਹੈ। ਉਨ੍ਹਾਂ ਨੂੰ ਹੁਸ਼ਿਆਰਪੁਰ ਆਏ ਹੋਏ ਵੀ 4 ਮਹੀਨੇ ਹੀ ਹੋਏ ਹਨ। ਪਹਿਲਾਂ ਉਹ ਫਗਵਾੜਾ ’ਚ ਰਹਿੰਦੇ ਸਨ। ਪੁਲਸ ਦੋਸ਼ੀ ਯਾਦਵ ਦਾ ਪਿਛਲਾ ਰਿਕਾਰਡ ਵੀ ਤਲਾਸ਼ ਕਰ ਰਹੀ ਹੈ ਤਾਂਕਿ ਪਤਾ ਲੱਗ ਸਕੇ ਕਿ ਉਹ ਕਿਸ ਤਰ੍ਹਾਂ ਦੀ ਪ੍ਰਵਿਰਤੀ ਦਾ ਹੈ।
Read More : ਵਿਧਾਇਕ ਲਾਲਪੁਰਾ ਗ੍ਰਿਫਤਾਰ, ਸਜ਼ਾ ਦਾ ਫੈਸਲਾ 12 ਨੂੰ