Murder mystery

11 ਸਾਲਾਂ ਬਾਅਦ ਸੁਲਝੀ ਕਤਲ ਦੀ ਗੁੱਥੀ

ਔਰਤ ਨੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪੁੱਤ ਦਾ ਕਤਲ ਕਰ ਕੇ ਲਾਸ਼ ਨੂੰ ਘਰ ’ਚ ਦੱਬਿਆ : ਡੀ. ਐੱਸ. ਪੀ. ਹਰੀਸ ਬਹਿਲ

ਗੁਰਦਾਸਪੁਰ, 5 ਅਗਸਤ :- ਜ਼ਿਲਾ ਗੁਰਦਾਸਪੁਰ ਵਿਚ ਪੈਦੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਸ ਨੇ 11 ਸਾਲ ਬਾਅਦ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਹੈ, ਜਿਸ ’ਚ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪੁੱਤਰ ਦਾ ਕਤਲ ਕਰ ਕੇ ਲਾਸ਼ ਘਰ ’ਚ ਦੱਬ ਦਿੱਤੀ ਸੀ।

ਇਸ ਸਬੰਧੀ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਨੇ ਦੱਸਿਆ ਕਿ ਸਾਲ 2014 ’ਚ ਪਿੰਡ ਖੋਜਕੀਪੁਰ ਦੇ ਰਹਿਣ ਵਾਲੇ ਹਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਨੇ ਆਪਣੇ ਭਤੀਜੇ ਸੰਦੀਪ ਸਿੰਘ ਦੇ ਅਗਵਾ ਹੋਣ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਹਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਰਣਜੀਤ ਕੌਰ ਪਤਨੀ ਗੁਰਮੁੱਖ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਅਜੀਤ ਸਿੰਘ ਵਾਸੀਆਨ ਖੋਜਕੀਪੁਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਪੁਲਸ ਨੂੰ ਲਗਭਗ 11 ਸਾਲਾਂ ਤੱਕ ਅਗਵਾ ਹੋਏ ਲੜਕੇ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰਦੇ ਹੋਏ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ, ਸਪੈਸ਼ਲ ਬ੍ਰਾਂਚ ਬਟਾਲਾ ਦੇ ਇੰਸਪੈਕਟਰ ਪ੍ਰਤਾਪ ਸਿੰਘ, ਐੱਸ. ਆਈ. ਰਵੇਲ ਸਿੰਘ, ਏ. ਐੱਸ. ਆਈ. ਗੁਰਦੇਵ ਸਿੰਘ, ਏ. ਐੱਸ. ਆਈ. ਰਵਿੰਦਰ ਸਿੰਘ ਨੇ ਭਗੌੜੇ ਰਣਜੀਤ ਕੌਰ ਅਤੇ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਰਣਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ 2010 ’ਚ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸਦੇ ਸਤਨਾਮ ਸਿੰਘ ਨਾਲ ਸਬੰਧ ਸੀ ਅਤੇ ਉਸਦਾ ਪੁੱਤਰ ਸੰਦੀਪ ਸਿੰਘ (14) ਇਸ ਗੱਲ ਤੋਂ ਇਤਰਾਜ ਕਰਦਾ ਸੀ, ਉਸਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਉਸ ਅਤੇ ਸਤਨਾਮ ਸਿੰਘ ਨੇ ਮਿਲ ਕੇ 2014 ’ਚ ਸੰਦੀਪ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਪਿੰਡ ਖੋਜਕੀਪੁਰ ’ਚ ਆਪਣੇ ਰਿਹਾਇਸ਼ੀ ਘਰ ’ਚ ਦੱਬ ਦਿੱਤਾ।

ਉਨ੍ਹਾਂ ਕਿਹਾ ਕਿ ਅੱਜ ਪੁਲਸ ਨੇ ਰਣਜੀਤ ਕੌਰ ਅਤੇ ਸਤਨਾਮ ਸਿੰਘ ਦੀ ਨਿਸ਼ਾਨਦੇਹੀ ਤੋਂ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਸੰਦੀਪ ਸਿੰਘ ਦੀ ਲਾਸ਼ ਦਾ ਪਿੰਜਰ ਬਰਾਮਦ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Read More : ਪੀਜੀ ‘ਚ ਗੈਂਗਸਟਰ ਦਾ ਐਨਕਾਊਂਟਰ

Leave a Reply

Your email address will not be published. Required fields are marked *