ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਜਲਦ ਮੁੜ-ਵਸੇਵੇਂ, ਮਨੁੱਖਤਾ ਦੇ ਭਲੇ, ਚੜ੍ਹਦੀਕਲਾ ਤੇ ਖੁਸ਼ਹਾਲੀ ਦੀ ਕਰਵਾਈ ਅਰਦਾਸ
ਪਟਿਆਲਾ, 22 ਸਤੰਬਰ : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਅੱਸੂ ਦੇ ਪਹਿਲੇ ਪਾਵਨ ਨਰਾਤੇ ਮੌਕੇ ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਨਤਮਸਤਕ ਹੋ ਕੇ ਸਮੁੱਚੀ ਮਨੁੱਖਤਾ ਦੇ ਭਲੇ ਤੇ ਖੁਸ਼ਹਾਲੀ ਦੀ ਅਰਦਾਸ ਕੀਤੀ ਹੈ। ਉਨ੍ਹਾਂ ਨੇ ਮਾਂ ਦੁਰਗਾ ਤੇ ਮਾਂ ਸ਼ੇਰਾਂਵਾਲੀ ਦੀ ਸਮੁੱਚੀ ਲੋਕਾਈ ਉੱਪਰ ਕਿਰਪਾ ਬਣੀ ਰਹਿਣ ਦੀ ਕਾਮਨਾ ਕਰਦਿਆਂ ਮੰਦਰ ਵਿਖੇ ਪਵਿੱਤਰ ਹਵਨ ਪੂਜਨ ਵੀ ਕਰਵਾਇਆ।
ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਸਿਸੋਦੀਆ ਨੇ ਸਾਰੇ ਦੇਸ਼ ਵਾਸੀਆਂ ਨੂੰ ਅੱਸੂ ਦੇ ਪਾਵਨ ਨਰਾਤਿਆਂ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਮਹਾਂਕਾਲੀ ਮਾਂ ਦੇ ਚਰਨਾਂ ’ਚ ਪ੍ਰਾਰਥਨਾ ਕੀਤੀ ਹੈ ਕਿ ਸਭ ਦੇ ਘਰਾਂ ’ਚ ਸੁੱਖ-ਸ਼ਾਂਤੀ ਰਹੇ, ਖੁਸ਼ਹਾਲੀ ਆਵੇ ਤੇ ਸਭ ਦੇ ਬੱਚੇ ਚੰਗੀ ਵਿੱਦਿਆ ਗ੍ਰਹਿਣ ਕਰਨ।
ਸਿਸੋਦੀਆ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਮਾਂ ਦੇਵੀ ਦੇ ਚਰਨਾਂ ’ਚ ਇਹ ਵੀ ਅਰਦਾਸ ਕੀਤੀ ਕਿ ਪੰਜਾਬ ਦੇ ਜਿੰਨ੍ਹੇ ਵੀ ਲੋਕ ਹੜ੍ਹਾਂ ਦੀ ਵੱਡੀ ਮਾਰ ਝੱਲ ਕੇ ਹਟੇ ਹਨ, ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਤਾਕਤ ਮਿਲੇ ਤੇ ਸਫ਼ਲਤਾ ਨਾਲ ਉਨ੍ਹਾਂ ਦਾ ਜਲਦੀ ਮੁੜ ਵਸੇਬਾ ਹੋਵੇ।
ਸਿਸੋਦੀਆ ਨੇ ਦੱਸਿਆ ਕਿ ਉਨ੍ਹਾਂ ਨੇ ਮਹਾਂਕਾਲੀ ਮਾਤਾ ਦੇ ਚਰਨਾਂ ’ਚ ਇਹ ਵੀ ਪ੍ਰਾਰਥਨਾ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਈਮਾਨਦਾਰੀ ਦੀ ਰਾਜਨੀਤੀ ਕਰਦਿਆਂ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ, ਬਿਹਤਰ ਸਿੱਖਿਆ ਤੇ ਸਾਰਿਆਂ ਲਈ ਰੋਜ਼ਗਾਰ ਸਮੇਤ ਲੋਕਾਂ ਦੀ ਭਲਾਈ ਲਈ ਕੀਤੇ ਯਤਨਾਂ ’ਚ ਸਫ਼ਲਤਾ ਮਿਲੇ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੰਦਰ ਸਲਾਹਕਾਰੀ ਕਮੇਟੀ ਦੇ ਮੈਂਬਰ ਸੀ. ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ, ਡਾ. ਰਾਜ ਕੁਮਾਰ ਗੁਪਤਾ ਤੇ ਹੋਰ ਪਤਵੰਤੇ ਹਾਜ਼ਰ ਸਨ।
Read More : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਭਿਆਨਕ ਹਾਦਸੇ ਵਿਚ ਮੌਤ