ਰਾਜ ਸਭਾ ‘ਚ ਚੁੱਕਿਆ ਮੁੱਦਾ
ਨਵੀਂ ਦਿੱਲੀ, 10 ਫ਼ਰਵਰੀ : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੱਜ ਸੰਸਦ ਦੇ ਬਜਟ ਸੈਸ਼ਨ ਦੌਰਾਨ ਪੰਜਾਬ ਦੀ ਪੁਰਾਣੀ ਮੰਗ ਨੂੰ ਦੋਹਰਾਉਂਦੇ ਹੋਏ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣਾਂ ਦੀ ਗਿਣਤੀ ਵਧਾਉਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਹਵਾਈ ਅੱਡੇ ਨੂੰ ਤੁਰੰਤ ‘ਪੁਆਇੰਟ ਆਫ਼ ਕਾਲ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਦੁਨੀਆ ਭਰ ਦੀਆਂ ਏਅਰਲਾਈਨਾਂ ਇੱਥੋਂ ਆਪਣਾ ਸੰਚਾਲਨ ਕਰ ਸਕਣ।
ਵਿਦੇਸ਼ੀ ਉਡਾਣਾਂ ਅਤੇ ਕਾਰਗੋ ‘ਤੇ ਜ਼ੋਰ ਸ੍ਰੀ ਸੰਧੂ ਨੇ ਵਿਸ਼ੇਸ਼ ਤੌਰ ‘ਤੇ ਲੰਡਨ, ਸਿੰਗਾਪੁਰ ਅਤੇ ਵੈਨਕੂਵਰ ਲਈ ਸਿੱਧੀਆਂ ਫ਼ਲਾਈਟਾਂ ਸ਼ੁਰੂ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਨਿਰਯਾਤ ਵਧਾਉਣ ਲਈ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੋਵਾਂ ਹਵਾਈ ਅੱਡਿਆਂ ਦੀ ਕਾਰਗੋ ਸਮਰੱਥਾ (ਸਾਮਾਨ ਦੀ ਢੋਆ-ਢੁਆਈ) ਨੂੰ ਵਧਾਉਣਾ ਬਹੁਤ ਜ਼ਰੂਰੀ ਹੈ। ਦੱਸਣਯੋਗ ਹੈ ਕਿ ਫਿਲਹਾਲ ਚੰਡੀਗੜ੍ਹ ਤੋਂ ਸਿਰਫ਼ ਦੁਬਈ ਅਤੇ ਆਬੂ ਧਾਬੀ ਲਈ ਹੀ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਹਨ।
ਤਿੰਨ ਰਾਜਾਂ ਲਈ ਅਹਿਮ ਹੈ ਇਹ ਹਵਾਈ ਅੱਡਾ ਐਮਪੀ ਸੰਧੂ ਨੇ ਕਿਹਾ ਕਿ ਇਹ ਹਵਾਈ ਅੱਡਾ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ 7 ਕਰੋੜ ਆਬਾਦੀ ਲਈ ਸਭ ਤੋਂ ਨੇੜਲਾ ਅਤੇ ਸੁਵਿਧਾਜਨਕ ਕੇਂਦਰ ਹੈ। ਉਨ੍ਹਾਂ ਤੱਥ ਪੇਸ਼ ਕਰਦਿਆਂ ਦੱਸਿਆ ਕਿ ਹਵਾਈ ਅੱਡੇ ਕੋਲ ਸਾਲਾਨਾ 60 ਲੱਖ ਮੁਸਾਫ਼ਰਾਂ ਨੂੰ ਸੰਭਾਲਣ ਦੀ ਸਮਰੱਥਾ ਹੈ, ਜਦਕਿ ਮੌਜੂਦਾ ਸਮੇਂ ਸਿਰਫ਼ 40 ਲੱਖ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਇਸ ਤਰ੍ਹਾਂ ਇਹ ਹਵਾਈ ਅੱਡਾ 20 ਲੱਖ ਹੋਰ ਸਵਾਰੀਆਂ ਦਾ ਭਾਰ ਚੁੱਕਣ ਲਈ ਪੂਰੀ ਤਰ੍ਹਾਂ ਸਮਰੱਥ ਹੈ।
ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਵਾਬਾਜ਼ੀ ਖੇਤਰ ਵਿੱਚ ਹੋਈ ਤਰੱਕੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਦੇਸ਼ ਵਿੱਚ ਹਵਾਈ ਅੱਡਿਆਂ ਦੀ ਗਿਣਤੀ 74 ਤੋਂ ਵਧ ਕੇ 163 ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਨੂੰ ਕੇਂਦਰ ਵੱਲੋਂ ਕਾਫੀ ਸਹੂਲਤਾਂ ਮਿਲੀਆਂ ਹਨ, ਪਰ ਪੰਜਾਬੀਆਂ ਦੀਆਂ ਉਮੀਦਾਂ ਮੁਤਾਬਕ ਚੰਡੀਗੜ੍ਹ ਨੂੰ ਹੋਰ ਕੌਮਾਂਤਰੀ ਰੂਟਾਂ ਨਾਲ ਜੋੜਨਾ ਲਾਜ਼ਮੀ ਹੈ।
ਜ਼ਿਕਰਯੋਗ ਹੈ ਕਿ ਇਸ ਹਵਾਈ ਅੱਡੇ ਦਾ ਉਦਘਾਟਨ 2015 ਵਿੱਚ ਹੋਇਆ ਸੀ ਅਤੇ 2022 ਵਿੱਚ ਸ਼ਹੀਦ ਭਗਤ ਸਿੰਘ ਦੀ 115ਵੀਂ ਜੈਯੰਤੀ ਮੌਕੇ ਕੇਂਦਰ ਸਰਕਾਰ ਨੇ ਇਸ ਦਾ ਨਾਮ ‘ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ’ ਰੱਖਿਆ ਸੀ।
Read More : ਡਾ. ਬਲਜੀਤ ਕੌਰ ਵੱਲੋਂ ਨਵ-ਨਿਯੁਕਤ ਚੇਅਰਪਰਸਨਾਂ ਨਾਲ ਪਹਿਲੀ ਅਹਿਮ ਬੈਠਕ
