ਸੁਖਜਿੰਦਰ ਰੰਧਾਵਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਡੇਰਾ ਬਾਬਾ ਨਾਨਕ, 1 ਅਗਸਤ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਗੈਂਗਸਟਰ ਵਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਪੋਸਟ ਵਿਚ ਕਿਹਾ ਕਿ ‘‘ਜੁਲਾਈ ’ਚ ਅਸੀਂ ਡੇਰਾ ਬਾਬਾ ਨਾਨਕ ਰੈਲੀ ਕੀਤੀ ਸੀ, ਉਥੇ ਮੇਰੇ ਪੁੱਤਰ ਨੇ ਬੋਲਦਿਆਂ ਕਿਹਾ ਸੀ ਕਿ ਡੀ. ਐੱਸ. ਪੀ, ਐੱਸ. ਐੱਚ. ਓ., ਐੱਮ. ਐੱਲ.ਏ. ਗੈਂਗਸਟਰਾਂ ਨਾਲ ਮਿਲੇ ਹੋਏ ਨੇ, ਉਸ ਦਾ ਨਤੀਜਾ ਅੱਜ ਸਾਹਮਣੇ ਆ ਗਿਆ। ਕੱਲ੍ਹ ਮੇਰੇ ਪੁੱਤਰ ਨੂੰ ਜੇਲ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਧਮਕੀ ਦਿੱਤੀ, ਜਿਸ ਬਾਰੇ ਮੈਂ ਡੀ. ਜੀ .ਪੀ. ਪੰਜਾਬ ਨੂੰ ਦੱਸਿਆ। ਮੈਂ ਇਹ ਵੀ ਕਈ ਵਾਰ ਕਿਹਾ ਹੈ ਕਿ ਇਹ ਸਾਰੇ ਅੱਤਵਾਦੀ ਅਤੇ ਗੈਂਗਸਟਰ ਮੇਰੇ ਹਲਕੇ ਗੁਰਦਾਸਪੁਰ ਨੂੰ ਆਪਣਾ ਅੱਡਾ ਬਣਾਉਣਾ ਚਾਹੁੰਦੇ ਹਨ।’’
ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਉਨ੍ਹਾਂ ਦੇ ਪੁੱਤਰ, ਜੋ ਕਿ ਵਿਦੇਸ਼ ਵਿਚ ਪੜ੍ਹਾਈ ਕਰ ਰਿਹਾ ਹੈ, ਨੂੰ ਇਹ ਧਮਕੀ ਦਿੱਤੀ ਹੈ। ਰੰਧਾਵਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਤੋਂ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਆਮ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਇਸ ਸੰਬੰਧੀ ਕੋਈ ਹੋਰ ਵੇਰਵੇ ਸਾਹਮਣੇ ਨਹੀਂ ਆਏ ਹਨ।
Read More : ਤਿੰਨ ਹਮਲਾਵਰਾਂ ਨੇ ਕਲੀਨਿਕ ’ਚ ਚਲਾਈਆਂ ਗੋਲੀਆਂ
