Shri Ram Hospital

ਮੋਟਰਸਾਈਕਲ ਸਵਾਰਾਂ ਨੇ ਸ਼੍ਰੀ ਰਾਮ ਹਸਪਤਾਲ ’ਤੇ ਕੀਤੀ ਤਾਬੜਤੋੜ ਫਾਇਰਿੰਗ

ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ

ਕਲਾਨੌਰ, 25 ਅਕਤੂਬਰ : ਬੀਤੀ ਰਾਤ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਸ਼ਰਾਰਤੀ ਅਨਸ਼ਰਾਂ ਵੱਲੋਂ ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਵਿਖੇ ਨੈਸ਼ਨਲ ਹਾਈਵੇ ਗੁਰਦਾਸਪੁਰ ਮਾਰਗ ’ਤੇ ਸਥਿਤ ਸ਼੍ਰੀ ਰਾਮ ਹਸਪਤਾਲ ਵਿਚ ਡਾਕਟਰ ਦੀ ਕਾਰ ਉੱਪਰ ਫਾਇਰਿੰਗ ਕਰਨ ਨਾਲ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਮਾਮਲਾ ਸ਼ਰਾਰਤੀ ਅਨਸਰਾਂ ਵੱਲੋਂ ਸ਼੍ਰੀ ਰਾਮ ਹਸਪਤਾਲ ਦੇ ਮਾਲਿਕ ਡਾਕਟਰ ਰਾਮੇਸ਼ਵਰ ਸੈਣੀ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਦੱਸਿਆ ਜਾ ਰਿਹਾ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਵੀ ਹੋ ਚੁੱਕੀ ਹੈ।

ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾ. ਰਮੇਸ਼ਵਰ ਸੈਣੀ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਕਰੀਬ 10 ਦਿਨ ਪਹਿਲਾਂ ਵੀ ਉਸ ਦੇ ਹਸਪਤਾਲ ’ਤੇ ਚਾਰ ਗੋਲੀਆਂ ਚਲਾ ਕੇ ਉਸ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਜਦਕਿ ਇਸ ਘਟਨਾ ਸਬੰਧੀ ਉਸ ਨੇ ਪੁਲਸ ਥਾਣਾ ਕਲਾਨੌਰ ਨੂੰ ਰਿਪੋਰਟ ਦਰਜ ਕਰਵਾ ਕੇ ਮਾਮਲਾ ਦਰਜ ਕਰਵਾਇਆ ਸੀ।

ਡਾਕਟਰ ਨੇ ਦੱਸਿਆ ਕਿ ਇਸ ਤੋਂ ਬਾਅਦ ਗੈਂਗਸਟਰਾਂ ਵੱਲੋਂ ਉਸ ਨੂੰ ਫੋਨ ’ਤੇ ਫਿਰੌਤੀ ਮੰਗਣ ਦੀਆਂ ਕਾਲਾਂ ਵੀ ਕੀਤੀਆਂ ਜਦਕਿ ਉਸ ਨੇ ਉਨ੍ਹਾਂ ਦੇ ਫੋਨ ਨੂੰ ਬਲਾਕ ਲਿਸਟ ਵਿਚ ਪਾ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਪੁਲਸ ਵੱਲੋਂ ਉਸ ਦੀ ਸੁਰੱਖਿਆ ਲਈ ਦੋ ਗੰਨਮੈਨ ਵੀ ਮੁਹੱਈਆ ਕਰਵਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਗੰਨਮੈਨ ਨਾਲ ਆਪਣੇ ਘਰ ਗਿਆ ਸੀ ਤਾਂ ਰਾਤ ਵੇਲੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸ ਦੇ ਹਸਪਤਾਲ ਦੇ ਸਾਹਮਣੇ ਆਏ ਤੇ ਇਕ ਨੌਜਵਾਨ ਨੇ ਹਸਪਤਾਲ ਦੇ ਗੇਟ ’ਤੇ ਖੜ੍ਹੇ ਹੋ ਕੇ ਉਸ ਦੀ ਗੱਡੀ ’ਤੇ 6 ਦੇ ਕਰੀਬ ਫਾਇਰ ਕੀਤੇ ਜਦਕਿ ਇਕ ਜ਼ਿੰਦਾ ਕਾਰਤੂਸ ਵੀ ਘਟਨਾ ਸਥਾਨ ਤੋਂ ਪੁਲਸ ਨੇ ਬਰਾਮਦ ਕੀਤਾ ।

ਡਾ. ਰਮੇਸ਼ਵਰ ਸੈਣੀ ਨੇ ਪੰਜਾਬ ਸਰਕਾਰ ਤੇ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ’ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਤੇ ਉਸ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਇਸ ਘਟਨਾ ਦੀ ਖਬਰ ਸੁਣਦਿਆਂ ਹੀ ਡੀ.ਐੱਸ.ਪੀ. ਗੁਰਵਿੰਦਰ ਸਿੰਘ, ਪੁਲਸ ਥਾਣਾ ਕਲਾਨੌਰ ਦੀ ਐੱਸ.ਐੱੱਚ.ਓ. ਹੇਮਰਾਜ ਤੇ ਹੋਰ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਤੇ ਜਾਂਚ ਆਰੰਭ ਕਰ ਦਿੱਤੀ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਤੇ ਜਲਦੀ ਹੀ ਕਾਬੂ ਕਰ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read More : ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਖਿਡਾਰੀ ਲਵੀ ਸਿੰਘ ਦਾ ਸਨਮਾਨ

Leave a Reply

Your email address will not be published. Required fields are marked *