ਚੋਰੀ ਦੇ 4 ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ
ਪਟਿਆਲਾ, 15 ਜੂਨ :- ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਐੱਸ. ਐੱਚ. ਓ. ਸੁਖਦੇਵ ਸਿੰਘ ਦੀ ਅਗਵਾਈ ਹੇਠ ਮੋਟਰਸਾਈਕਲ ਅਤੇ ਫੋਨ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ ਚੋਰੀ ਦੇ 4 ਮੋਟਰਸਾਈਕਲ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਐੱਸ. ਐੱਚ. ਓ. ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਵਰੁਣ ਸ਼ਰਮਾ, ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਮਨੋਜ ਗੋਰਸੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਇਸ ਮਾਮਲੇ ’ਚ ਸੰਦੀਪ ਸਿੰਘ ਵਾਸੀ ਪਿੰਡ ਰੱਖੜਾ, ਸੰਦੀਪ ਸਿੰਘ ਪਿੰਡ ਦੁਘਾਟ, ਮਨਜਿੰਦਰ ਸਿੰਘ ਵਾਸੀ ਦੁਘਾਟ, ਰਾਜਵੀਰ ਸਿੰਘ ਵਾਸੀ ਸੰਗਤਪਰਾ ਅਤੇ ਗੁਰਜਿੰਦਰ ਸਿੰਘ ਵਾਸੀ ਸੋਜਾ ਥਾਣਾ ਸਦਰ ਨਾਭਾ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਖਿਲਾਫ 303 (2) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਸਮਸ਼ੇਰ ਸਿੰਘ ਪੁਲਸ ਪਾਰਟੀ ਸਮੇਤ ਬੱਸ ਸਟੈਂਡ ਪਿੰਡ ਰੌਣੀ ਵਿਖੇ ਮੌਜੂਦ ਸੀ। ਸੂਚਨਾ ਮਿਲੀ ਕਿ ਉਕਤ ਵਿਅਕਤੀ ਚੋਰੀਆਂ ਕਰਨ ਦੇ ਆਦੀ ਹਨ, ਜਿਨ੍ਹਾਂ ਨੇ ਨਾਭਾ ਰੋਡ ਪਟਿਆਲਾ ’ਤੇ ਬਣੇ ਪੈਲੇਸਾਂ ਦੇ ਬਾਹਰੋਂ ਅਤੇ ਪਟਿਆਲਾ ਸ਼ਹਿਰ ’ਚੋਂ ਮੋਟਰਸਾਈਕਲ ਅਤੇ ਫੋਨ ਚੋਰੀ ਕੀਤੇ ਹਨ। ਅੱਜ ਵੀ ਚੋਰੀ ਕੀਤੇ 4 ਮੋਟਰਸਾਈਕਲ ਅਤੇ ਮੋਬਾਈਲ ਵੇਚਣ ਲਈ ਨਾਭਾ ਰੋਡ ਪਟਿਆਲਾ ’ਤੇ ਬਣੇ ਸਤਸੰਗ ਘਰ ਦੇ ਪਿਛਲੇ ਪਾਸੇ ਖਾਲੀ ਪਲਾਟਾਂ ਵਿਚ ਖੜ੍ਹੇ ਹਨ।
ਐੱਸ. ਐੱਚ. ਓ. ਨੇ ਦੱਸਿਆ ਕਿ ਜਦੋਂ ਪੁਲਸ ਨੇ ਰੇਡ ਕੀਤੀ ਤਾਂ ਉਨ੍ਹਾਂ ਤੋਂ 4 ਮੋਟਰਸਾਈਕਲ ਅਤੇ ਮੋਬਾਈਲ ਫੋਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਤੋਂ ਡੁੰੂਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਹੋਰ ਵੀ ਚੋਰੀਆਂ ਰਿਕਵਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਇਲਾਕੇ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਵੇਗੀ।
ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਐੱਸ. ਐੱਸ. ਪੀ. ਵਰੁਣ ਸ਼ਰਮਾ ਦੇ ਸਾਫ ਨਿਰਦੇਸ਼ ਹਨ ਕਿ ਨਸ਼ਾ ਸਮੱਗਲਰਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਨਾ ਬਖ਼ਸਿਆ ਜਾਵੇ।
Read More : ਪੰਜਾਬੀ ਯੂਨੀਵਰਸਿਟੀ ’ਚ ਹੋਈ ਖੋਜ