ਚੰਡੀਗੜ੍ਹ, 8 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਡੇਵੂ ਈ. ਐਂਡ ਸੀ., ਜੀ.ਐੱਸ. ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ (ਜੀ.ਐੱਸ. ਈ. ਐਂਡ ਸੀ.), ਨੋਂਗਸ਼ਿਮ, ਕੋਰੀਆ ਡਿਫੈਂਸ ਇੰਡਸਟਰੀ ਐਸੋਸੀਏਸ਼ਨ (ਕੇ.ਡੀ.ਆਈ.ਏ.), ਸਿਓਲ ਬਿਜ਼ਨੈੱਸ ਏਜੰਸੀ (ਐੱਸ.ਬੀ.ਏ.) ਸਮੇਤ ਦੱਖਣੀ ਕੋਰੀਆ ਦੀਆਂ ਹੋਰ ਕੰਪਨੀਆਂ ਨੂੰ ਸੂਬੇ ’ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੈਂਗਯੋ ਟੈਕਨੋ ਵੈਲੀ ਦੀ ਤਰਜ਼ ’ਤੇ ਮੋਹਾਲੀ ਨੂੰ ਵਿਕਸਤ ਕਰਨ ਦਾ ਐਲਾਨ ਕੀਤਾ।
ਦੱਖਣੀ ਕੋਰੀਆ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਡੇਵੂ ਈ. ਐਂਡ ਸੀ. ਦੇ ਚੇਅਰਮੈਨ ਜੰਗ ਵੌਨ ਜੂ ਨਾਲ ਮੁਲਾਕਾਤ ਕੀਤੀ ਅਤੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਆਫਸ਼ੋਰ ਵਿੰਡ ਫਾਰਮ, ਸੋਲਰ ਪਾਵਰ ਪਲਾਂਟ ਅਤੇ ਹਾਈਡ੍ਰੋਜਨ ਉਤਪਾਦਨ ਦੇ ਖੇਤਰਾਂ ’ਚ ਸਹਿਯੋਗ ਦੀ ਵਕਾਲਤ ਕੀਤੀ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਊਰਜਾ ਬੁਨਿਆਦੀ ਢਾਂਚੇ ਦੇ ਵਿਕਾਸ ਜਿਵੇਂ ਕਿ ਐੱਲ.ਐੱਨ.ਜੀ. ਟਰਮੀਨਲ, ਪੈਟਰੋਕੈਮੀਕਲ ਕੰਪਲੈਕਸ ਤੇ ਖਾਦ ਪਲਾਂਟ, ਰਿਹਾਇਸ਼ ਅਤੇ ਉੱਨਤ ਬੁਨਿਆਦੀ ਢਾਂਚੇ ਸਬੰਧੀ ਏਕੀਕ੍ਰਿਤ ਹੱਲ ਵਾਲੇ ਸ਼ਹਿਰੀ ਵਿਕਾਸ ਤੇ ਸਮਾਰਟ ਸਿਟੀ ਪ੍ਰਾਜੈਕਟਾਂ ਅਤੇ ਸੜਕਾਂ, ਪੁਲਾਂ, ਰੇਲਵੇ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਸਮੇਤ ਸਿਵਲ ਬੁਨਿਆਦੀ ਢਾਂਚੇ ਸਬੰਧੀ ਪ੍ਰਾਜੈਕਟਾਂ ਵਰਗੇ ਖੇਤਰਾਂ ਵਿੱਚ ਸਹਿਯੋਗ ਦੀਆਂ ਅਥਾਹ ਸੰਭਾਵਨਾਵਾ ਹਨ।
ਉਨ੍ਹਾਂ ਨੇ ਮਾਡਿਊਲਰ ਅਤੇ ਪ੍ਰੀ-ਫੈਬਰੀਕੇਟਿਡ ਨਿਰਮਾਣ ਵਿਧੀਆਂ ਲਈ ਤਕਨਾਲੋਜੀ ਦੇ ਅਦਾਨ-ਪ੍ਰਦਾਨ ਵਰਗੇ ਖੇਤਰਾਂ ਵਿਚ ਸਹਿਯੋਗ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਤਾਂ ਕਿ ਤੇਜ਼ ਤੇ ਕਿਫਾਇਤੀ ਇਮਾਰਤਾਂ ਦੇ ਨਿਰਮਾਣ ਦਾ ਹੱਲ ਲੱਭਿਆ ਜਾ ਸਕੇ।
ਮੁੱਖ ਮੰਤਰੀ ਨੇ ਵਿਸ਼ਵ ਪੱਧਰ ਦੇ ਕਾਰੋਬਾਰੀ ਗਰੁੱਪ ਨੂੰ ਬੁਨਿਆਦੀ ਢਾਂਚੇ ਦੇ ਵਿਆਪਕ ਵਿਕਾਸ, ਆਧੁਨਿਕ ਨਿਰਮਾਣ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਸੂਬੇ ਵਿਚ ਉਦਯੋਗਿਕ ਟਾਊਨਸ਼ਿਪ ਵਿਚ ਮੌਕਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਨੇ ਜੀ.ਐੱਸ. ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ (ਜੀ.ਐੱਸ. ਈ ਐਂਡ ਸੀ) ਦੇ ਉਪ ਪ੍ਰਧਾਨ ਯੰਗ ਹਾ ਰਿਊ (ਡੈਨੀਅਲ) ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ (ਸੂਰਜੀ, ਹਵਾ, ਹਾਈਡ੍ਰੋਜਨ), ਬੁਨਿਆਦੀ ਢਾਂਚਾ ਵਿਕਾਸ (ਸੜਕਾਂ, ਪੁਲ਼, ਸਮਾਰਟ ਸ਼ਹਿਰ) ਅਤੇ ਉਦਯੋਗਿਕ ਕੰਪ ਲੈਕਸਾਂ ਅਤੇ ਈ.ਪੀ.ਸੀ. ਸੇਵਾਵਾਂ ਦੇ ਖੇਤਰ ’ਚ ਤਾਲਮੇਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
Read More : ਵਿੱਤ ਮੰਤਰੀ ਹਰਪਾਲ ਚੀਮਾ ਨੇ ਕਾਂਗਰਸ ਤੇ ਭਾਜਪਾ ’ਤੇ ਵਿੰਨ੍ਹਿਆਂ ਨਿਸ਼ਾਨਾ
