ਮਨੀਸ਼ ਸਿਸੋਦੀਆ

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿਧਾਇਕ ਲੈਣ ਪੂਰੀ ਜ਼ਿੰਮੇਵਾਰੀ, ਹਰ ਪਿੰਡ ਦੀ ਜਵਾਬਦੇਹੀ ਹੋਵੇਗੀ ਤੈਅ : ਮਨੀਸ਼ ਸਿਸੋਦੀਆ

ਨਸ਼ਿਆਂ ਵਿਰੁੱਧ ਜੰਗ ਇੱਕ ਦਿਨ ਦੀ ਲੜਾਈ ਨਹੀਂ; ਜੇਕਰ ਇਲਾਕੇ ਵਿੱਚ ਨਸ਼ਾ ਵਿਕ ਰਿਹਾ ਹੈ ਤਾਂ ਨੇਤਾ ਆਪਣੀ ਜ਼ਿੰਮੇਵਾਰੀ ਵਿਚ ਅਸਫ਼ਲ: ‘ਆਪ’ ਇੰਚਾਰਜ

ਚੰਡੀਗੜ੍ਹ, 22 ਮਾਰਚ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੰਮ੍ਰਿਤਸਰ ਵਿੱਚ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਤਹਿਤ ਪਾਰਟੀ ਆਗੂਆਂ, ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਜ਼ੋਰਦਾਰ ਸੱਦਾ ਦਿੱਤਾ।

ਉਨ੍ਹਾਂ ਸਪੱਸ਼ਟ ਕੀਤਾ ਕਿ ਵਿਧਾਇਕਾਂ ਨੂੰ ਆਪਣੇ ਇਲਾਕੇ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਹਰ ਪਿੰਡ ਲਈ ਰੋਜ਼ਾਨਾ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ। ਸਿਸੋਦੀਆ ਨੇ ਕਿਹਾ ਕਿ ਜੇਕਰ ਕਿਸੇ ਇਲਾਕੇ ਵਿੱਚ ਨਸ਼ੇ ਵਿਕ ਰਹੇ ਹਨ ਅਤੇ ਉੱਥੋਂ ਦਾ ਵਿਧਾਇਕ ਸ਼ਾਂਤੀ ਨਾਲ ਸੌਂ ਰਿਹਾ ਹੈ, ਤਾਂ ਉਹ ਆਪਣੀ ਡਿਊਟੀ ਵਿੱਚ ਨਾਕਾਮ ਰਿਹਾ ਹੈ।

ਉਨ੍ਹਾਂ ਪਾਰਟੀ ਦੀ ਨੀਂਹ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਆਪ’ ਦਾ ਜਨਮ ਜੰਤਰ-ਮੰਤਰ ‘ਤੇ 14 ਦਿਨਾਂ ਦੀ ਭੁੱਖ ਹੜਤਾਲ ਅਤੇ ਸੰਘਰਸ਼ ਵਿੱਚੋਂ ਹੋਇਆ ਹੈ, ਨਾ ਕਿ ਕਿਸੇ ਡਰਾਇੰਗ ਰੂਮ ਵਿੱਚ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਡਰੱਗ ਮਾਫੀਆ ਵਿਰੁੱਧ ਖੜ੍ਹੇ ਨਹੀਂ ਹੋ ਸਕਦੇ, ਤਾਂ ਉਹ ਪਾਰਟੀ ਵਿੱਚ ਸ਼ਾਮਲ ਨਾ ਹੋਣ ਕਿਉਂਕਿ ਇਹ ਪਾਰਟੀ ਲੜਨ ਲਈ ਬਣਾਈ ਗਈ ਸੀ।

ਉਨ੍ਹਾਂ ਦਿੱਲੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ਕਤੀਆਂ ਖੋਹਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਸਕੂਲ, ਹਸਪਤਾਲ ਅਤੇ ਬਿਜਲੀ-ਪਾਣੀ ਦੀਆਂ ਸਹੂਲਤਾਂ ਵਿੱਚ ਸੁਧਾਰ ਕਰਕੇ ਦਿਖਾਇਆ ਹੈ।

ਸਿਸੋਦੀਆ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਕੇਜਰੀਵਾਲ ਦੀ ਇਮਾਨਦਾਰ ਤਸਵੀਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਸਤੇਂਦਰ ਜੈਨ ਅਤੇ ਉਨ੍ਹਾਂ ਨੂੰ ਖੁਦ ਝੂਠੇ ਕੇਸਾਂ ਵਿੱਚ ਫਸਾਇਆ ਗਿਆ, ਪਰ ਅਦਾਲਤ ਵਿੱਚ ਸਭ ਕੁਝ ਜ਼ੀਰੋ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਲੜ ਰਹੇ ਹਾਂ ਅਤੇ ਸਾਨੂੰ ਮਿਲ ਕੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਹੋਵੇਗਾ।

ਮੁਹਿੰਮ ਦੀ ਰੂਪਰੇਖਾ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ 24 ਮਾਰਚ ਤੋਂ 31 ਮਾਰਚ ਤੱਕ ਸਾਰੇ ਬਲਾਕਾਂ ਵਿੱਚ ਮੀਟਿੰਗਾਂ ਹੋਣਗੀਆਂ ਅਤੇ ਹਰੇਕ ਵੀਡੀਸੀ (VDC) ਰਿਪੋਰਟ ਕਰੇਗਾ ਕਿ ਉਨ੍ਹਾਂ ਦਾ ਪਿੰਡ ਕਿੰਨਾ ਨਸ਼ਾ ਮੁਕਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਸਰਕਾਰ, ਪੁਲਿਸ ਅਤੇ ਜਨਤਾ ਇਕੱਠੇ ਕੰਮ ਕਰ ਰਹੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪੱਸ਼ਟ ਨਿਰਦੇਸ਼ ਹਨ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਪਾਰਟੀ ਦਾ ਵਰਕਰ ਹੀ ਕਿਉਂ ਨਾ ਹੋਵੇ। ਨਸ਼ਿਆਂ ਸਬੰਧੀ ਸ਼ਿਕਾਇਤਾਂ ਲਈ ਇੱਕ ਵਿਸ਼ੇਸ਼ ਐਪ ਵੀ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

Read More : ਬੇਅਦਬੀ ਦੇ ਮਾਮਲਿਆਂ ‘ਚ ਸਖ਼ਤ ਕਾਨੂੰਨ ਬਣਾਉਣ ਲਈ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ : ਭਗਵੰਤ ਮਾਨ

Leave a Reply

Your email address will not be published. Required fields are marked *