ਪਠਾਣਮਾਜਰਾ ਦੇ ਵਕੀਲ ਐਡਵੋਕੇਟ ਐੱਸ. ਐੱਸ. ਸੱਗੂ ਨੇ ਦਿੱਤੀ ਅਦਾਲਤ ’ਚ ਚੁਣੌਤੀ
ਪਟਿਆਲਾ, 11 ਸਤੰਬਰ : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਵੱਲੋਂ ਜਬਰ-ਜ਼ਨਾਹ ਅਤੇ ਧੋਖਾਦੇਹੀ ਦੇ ਦੋਸ਼ ਵਿਚ ਨਾਜ਼ਮਦ ਕੀਤੇ ਗਏ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਸਰਕਾਰੀ ਕੋਠੀ ਨੰ-9ਸੀ ਭੁਪਿੰਦਰਾ ਨਗਰ ਪਟਿਆਲਾ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਪ੍ਰਸ਼ਾਸਨ ਮੁਤਾਬਕ ਇਸ ਸਬੰਧੀ ਹੁਕਮ ਤਾਮੀਲ ਕਰਨ ਸਬੰਧੀ ਭੇਜੇ ਗਏ ਸਨ ਪਰ ਤਾਮੀਲ ਨਾ ਹੋਣ ਕਰ ਕੇ ਚਸਪਾ (ਚਿਪਕਾ ਦੇਣਾ) ਕਰਵਾ ਦਿੱਤਾ ਗਿਆ ਹੈ ਅਤੇ ਹੁਕਮ ਉਨ੍ਹਾਂ ਨੂੰ ਡਾਕ ਰਾਹੀਂ ਭੇਜ ਦਿੱਤੇ ਗਏ ਹਨ। ਇਨ੍ਹਾਂ ਹੀ ਨਹੀਂ ਕੋਠੀ ਖਾਲੀ ਕਰਵਾਉਣ ਲਈ ਚਾਰ ਮੈਂਬਰੀ ਕਮੇਟੀ ਵੀ ਗਠਿਤ ਕਰ ਦਿੱਤੀ ਗਈ ਹੈ, ਜਿਸ ਵਿਚ ਏ. ਸੀ. ਏ. ਪੁੱਡਾ, ਡੀ. ਐੱਸ. ਪੀ. ਪਟਿਆਲਾ, ਤਹਿਸੀਲਦਾਰ ਪਟਿਆਲਾ ਅਤੇ ਅਸਟੇਟ ਅਫਸਰ ਪੀ. ਡਬਲਯੂ. ਡੀ. ਪਟਿਆਲਾ ਨੂੰ ਸ਼ਾਮਲ ਕੀਤਾ ਗਿਆ ਹੈ, ਜਿਹੜਾ ਕਿ ਕੋਠੀ ਖਾਲੀ ਕਰਵਾਉਣ ਲਈ ਕਾਰਵਾਈ ਕਰਨਗੇ।
ਦੂਜੇ ਪਾਸੇ ਵਿਧਾਇਕ ਦੇ ਵਕੀਲ ਐਡਵੋਕੇਟ ਐੱਸ. ਐੱਸ. ਸੱਗੂ ਨੇ ਦੱਸਿਆ ਕਿ ਡਵੀਜ਼ਨਲ ਕਮਿਸ਼ਨਰ ਦੇ ਹੁਕਮਾਂ ਨੂੰ ਮਾਣਯੋਗ ਅਦਾਲਤ ਵਿਚ ਚੁਣੌਤੀ ਦੇ ਦਿੱਤੀ ਗਈ ਹੈ ਅਤੇ ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿਚ ਡਵੀਜ਼ਨਲ ਕਮਿਸ਼ਨਰ ਨੂੰ ਆਪ ਪੇਸ਼ ਹੋ ਕੇ ਪੱਖ ਰੱਖਣ ਲਈ ਕਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਕੋਠੀ ਖਾਲੀ ਕਰਵਾਉਣ ਦੇ ਮਾਮਲੇ ਵਿਚ ਪੀ. ਪੀ. ਐਕਟ ਦੀ ਪਾਲਣਾ ਨਹੀਂ ਕੀਤੀ, ਜੋ ਕਿ ਸਿੱਧੇ ਤੌਰ ’ਤੇ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ਤੋਂ ਪੁਰਾ ਇਨਸਾਫ ਮਿਲਣ ਦੀ ਆਸ ਹੈ।
ਪਠਾਣਮਾਜਰਾ ਨੂੰ ਭਜਾਉਣ ਸਬੰਧੀ ਦਰਜ ਹੋਏ ਕੇਸ ’ਚ 11 ਵਿਅਕਤੀਆਂ ਦੀ ਜ਼ਮਾਨਤ
ਬੀਤੇ ਦਿਨ ਪਟਿਆਲਾ ਕੋਰਟ ਨੇੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਜ਼ਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਪਰ ਅੱਜ ਇਕ ਹੋਰ ਦਰਜ ਹੋਏ ਕੇਸ ਵਿਚ ਜਿਹੜੇ 11 ਵਿਅਕਤੀ ਪੁੱਛਗਿੱਛ ਲਈ ਪਟਿਆਲਾ ਪੁਲਸ ਨੇ ਰੱਖੇ ਹੋਏ ਸਨ, ਉਨ੍ਹਾਂ ਨੂੰ ਮਾਣਯੋੋਗ ਕੋਰਟ ਨੇ ਅੱਜ ਜ਼ਮਾਨਤ ਦੇ ਦਿੱਤੀ ਹੈ।
ਐਡਵੋਕੇਟ ਭੁੱਲਰ ਨੇ ਆਖਿਆ ਕਿ ਮਾਣਯੋਗ ਜੱਜ ਸਾਹਿਬ ਨੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਹੈ ਅਤੇ ਇਸ ਕੇਸ ਵਿਚ ਫੜੇ ਗਏ 11 ਦੇ 11 ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਆਖਿਆ ਕਿ ਅਸੀ ਵਿਧਾਇਕ ਪਠਾਣਮਾਜਰਾ ਦੀ ਜ਼ਮਾਨਤ ਨੂੰ ਲੈ ਕੇ ਮਾਣਯੋਗ ਹਾਈਕੋਰਟ ਜਾ ਰਹੇ ਹਾਂ ਤੇ ਇਸ ਸਬੰਧੀ ਕੇਸ ਵੀ ਫਾਈਲ ਕੀਤਾ ਜਾ ਚੁੱਕਾ ਹੈ।
Read More : ਸੰਗਰੂਰ ਦੀ ਸੋਨਮ ਪ੍ਰਾਈਡ ਆਫ਼ ਮਿਸਿਜ਼ ਇੰਡੀਆ-2025 ਲਈ ਚੁਣੀ
