ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ ਵਿਕਾਸ ਦੇ ਮੁੱਦੇ ਨੂੰ ਕੇਂਦਰ ਵਿੱਚ ਰੱਖਿਆ
ਅੰਮ੍ਰਿਤਸਰ, 14 ਦਸੰਬਰ : ਜ਼ਿਲਾ ਅੰਮ੍ਰਿਤਸਰ ਦੇ ਰਾਜਾਸਾਂਸੀ ਹਲਕੇ ਅਧੀਨ ਪੈਂਦੇ ਪਿੰਡ ਜਗਦੇਵ ਕਲਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਧਾਲੀਵਾਲ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਪੈ ਰਹੀਆਂ ਹਨ ਅਤੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਸ਼ਾਮ ਤੱਕ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਲੋਕਤੰਤਰਿਕ ਅਧਿਕਾਰ ਹੈ ਅਤੇ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀ ਨਾਲ ਹੋਣੀ ਚਾਹੀਦੀ ਹੈ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ ਵਿਕਾਸ ਦੇ ਮੁੱਦੇ ਨੂੰ ਕੇਂਦਰ ਵਿੱਚ ਰੱਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ਇਤਿਹਾਸਕ ਫੰਡ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਉਹ ਖੁਦ ਇਸੇ ਪਿੰਡ ਦੇ ਸਕੂਲ ਵਿੱਚੋਂ ਦਸਵੀਂ ਪਾਸ ਕਰ ਚੁੱਕੇ ਹਨ ਅਤੇ ਅੱਜ ਉਸੇ ਥਾਂ ਵੋਟ ਪਾਉਣਾ ਉਨ੍ਹਾਂ ਲਈ ਭਾਵੁਕ ਪਲ ਹੈ, ਜੋ ਉਹ ਕਦੇ ਨਹੀਂ ਭੁੱਲ ਸਕਣਗੇ। ਇਸ ਦੌਰਾਨ ਧਾਲੀਵਾਲ ਨੇ ਰਾਜਾਸਾਂਸੀ ਹਲਕੇ ਵਿੱਚ ਚੋਣ ਨਿਸ਼ਾਨ ਸਬੰਧੀ ਉਠੇ ਵਿਵਾਦ ’ਤੇ ਪ੍ਰਸ਼ਾਸਨ ਦੀ ਲਾਪਰਵਾਹੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜਿੱਥੇ ਗਲਤੀ ਹੋਈ ਹੈ, ਉੱਥੇ ਚੋਣਾਂ ਰੋਕ ਕੇ ਮੁੜ ਸਹੀ ਤਰੀਕੇ ਨਾਲ ਕਰਵਾਈਆਂ ਜਾਣ।
ਉਨ੍ਹਾਂ ਕਾਂਗਰਸ ਪਾਰਟੀ ’ਤੇ ਤੰਜ ਕਸਦੇ ਹੋਏ ਕਿਹਾ ਕਿ ਕਾਂਗਰਸ ਸਿਰਫ਼ ਗੱਦੀ ਦੀ ਲੜਾਈ ਲੜ ਰਹੀ ਹੈ ਅਤੇ ਪੰਜਾਬ ਦੇ ਅਸਲ ਮਸਲਿਆਂ ਨਾਲ ਉਸਦਾ ਕੋਈ ਸਰੋਕਾਰ ਨਹੀਂ। ਉਨ੍ਹਾਂ ਦੱਸਿਆ ਕਿ ਰਾਜਾਸਾਂਸੀ ਤੋਂ ਇਲਾਵਾ ਬਾਕੀ ਸੂਬੇ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਵੱਡੀ ਅਣਚਾਹੀ ਘਟਨਾ ਸਾਹਮਣੇ ਨਹੀਂ ਆਈ।
Read More : ਅੰਡਰ-19 ਏਸ਼ੀਆ ਕੱਪ : ਭਾਰਤ ਨੇ ਪਾਕਿਸਤਾਨ ਨੂੰ 90 ਦੌੜਾਂ ਨਾਲ ਹਰਾਇਆ
