Abohar

ਹੋਟਲ ’ਚ ਨਾਬਾਲਿਗ ਕੁੜੀ ਦਾ ਕਤਲ; ਗੁਆਂਢੀ ਨੌਜਵਾਨ ਗ੍ਰਿਫ਼ਤਾਰ

ਖਾਣਾ ਮੰਗਵਾਉਣ ਦਾ ਬਹਾਨਾ ਬਣਾ ਕੇ ਹੋਟਲ ’ਚੋਂ ਫ਼ਰਾਰ ਹੋਇਆ ਸੀ ਮੁਲਜ਼ਮ; ਪਰਿਵਾਰ ਨੇ ਕੀਤੀ ਫਾਂਸੀ ਦੀ ਮੰਗ

ਅਬੋਹਰ, 11 ਫਰਵਰੀ : ਅਬੋਹਰ-ਮਲੋਟ ਰੋਡ ’ਤੇ ਟਰੱਕ ਯੂਨੀਅਨ ਦੇ ਨੇੜੇ ਇਕ ਹੋਟਲ ’ਚ ਬੀਤੀ ਸ਼ਾਮ ਇਕ ਨੌਜਵਾਨ ਨੇ ਨਾਬਾਲਿਗ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਰਿਪੋਰਟ ਅਨੁਸਾਰ ਲੜਕੀ ਸ਼ਾਮ 5:00 ਵਜੇ ਦੇ ਕਰੀਬ ਆਪਣੇ ਇਕ ਨੌਜਵਾਨ ਦੋਸਤ ਨਾਲ ਹੋਟਲ ਪਹੁੰਚੀ ਸੀ। ਸ਼ਾਮ 5:30 ਵਜੇ ਦੇ ਕਰੀਬ ਨੌਜਵਾਨ ਖਾਣਾ ਮੰਗਵਾਉਣ ਦਾ ਬਹਾਨਾ ਕਰ ਕੇ ਹੋਟਲ ਤੋਂ ਬਾਹਰ ਚਲਾ ਗਿਆ ਅਤੇ ਵਾਪਸ ਨਹੀਂ ਆਇਆ।

ਹੋਟਲ ਸਟਾਫ਼ ਨੂੰ ਸ਼ੱਕ ਹੋਣ ’ਤੇ ਜਦੋਂ ਕਮਰੇ ਦੀ ਜਾਂਚ ਕੀਤੀ ਗਈ ਤਾਂ ਅੰਦਰ ਲੜਕੀ ਦੀ ਗਲਾ ਕੱਟੀ ਹੋਈ ਲਾਸ਼ ਮਿਲੀ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ 11ਵੀਂ ਜਮਾਤ ਦੀ ਵਿਦਿਆਰਥਣ ਸੀ। ਉਨ੍ਹਾਂ ਦੋਸ਼ ਲਾਇਆ ਕਿ ਗੁਆਂਢ ’ਚ ਰਹਿਣ ਵਾਲਾ ਸਚਿਨ ਨਾਂ ਦਾ ਨੌਜਵਾਨ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਪਰਿਵਾਰ ਨੇ ਮੁਲਜ਼ਮ ਲਈ ਫਾਂਸੀ ਦੀ ਮੰਗ ਕੀਤੀ ਹੈ।

ਪੁਲਸ ਸਟੇਸ਼ਨ ਨੰਬਰ 1 ਦੇ ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਕਿ ਰਾਮਕੋਟ ਦੇ ਰਹਿਣ ਵਾਲੇ ਸਚਿਨ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

Read More : ਮੰਡੀ ਬੋਰਡ ਦੇ ਮੁਲਾਜ਼ਮਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, 14 ਸਾਲਾਂ ਬਾਅਦ ਬਰਖ਼ਾਸਤਗੀਆਂ ਰੱਦ

Leave a Reply

Your email address will not be published. Required fields are marked *