ਪਠਾਨਕੋਟ, 27 ਅਗਸਤ : ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਗੁਲਪੁਰ ਸਿੰਬਲੀ, ਸਰਨਾ, ਮਲਿਕਪੁਰ, ਤਾਰਾਗੜ੍ਹ, ਰਕਵਾਲ ਆਦਿ ਪਿੰਡਾਂ ’ਚ ਪਹੁੰਚ ਕੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ। ਭਾਰੀ ਮੀਂਹ ਕਾਰਨ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਵੱਧਣ ਕਰ ਕੇ ਪਾਣੀ ਛੱਡਿਆ ਗਿਆ, ਜਿਸ ਕਾਰਨ ਯੂ.ਬੀ.ਡੀ.ਸੀ. ਨਹਿਰ ਅਤੇ ਹੋਰ ਨਹਿਰਾਂ ’ਚ ਪਾਣੀ ਵਧ ਗਿਆ।
ਇਸ ਤੋਂ ਗੁਲਪੁਰ ਸਿੰਬਲੀ ਪਿੰਡ ’ਚ ਨਹਿਰ ਟੁੱਟਣ ਕਾਰਨ ਪਾਣੀ ਭਰ ਗਿਆ। ਕਈ ਪਿੰਡਾਂ ’ਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਲਿਜਾਣ ਲਈ ਰੈਸਕਿਊ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਮੰਤਰੀ ਨੇ ਦੱਸਿਆ ਕਿ 40 ਸਾਲਾਂ ਬਾਅਦ ਨਹਿਰ ’ਚ ਇੰਨਾ ਵੱਧ ਪਾਣੀ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਪਾਣੀ ਵਾਲਿਆਂ ਖੇਤਰਾਂ ’ਚ ਨਾ ਜਾਣ ਅਤੇ ਕੋਈ ਵੀ ਖ਼ਤਰਨਾਕ ਕਦਮ ਨਾ ਚੁੱਕਣ। ਮਲਿਕਪੁਰ ’ਚ ਫਸੇ ਯਾਤਰੀਆਂ ਨੂੰ ਜੰਮੂ ਭੇਜਣ ਲਈ ਤਿੰਨ ਬੱਸਾਂ ਦੀ ਵਿਵਸਥਾ ਕੀਤੀ ਗਈ।
ਇਸ ਤੋਂ ਇਲਾਵਾ ਸਰਕਾਰ ਵੱਲੋਂ ਸਰਨਾਰਥੀ ਕੈਂਪ, ਭੋਜਨ, ਹੈਲਿਕਾਪਟਰ ਰੈਸਕਿਊ ਅਤੇ ਕਨਟਰੋਲ ਰੂਮ ਦੀ ਵੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਆਮ ਲੋਕਾਂ ਨੂੰ ਨਿਸ਼ਚਿੰਤ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਟੀਮ ਪੂਰੀ ਤਰ੍ਹਾਂ ਮੁਸਤੈਦ ਹੈ।
Read More : ਆਰ ਅਸ਼ਵਿਨ ਨੇ ਆਈਪੀਐੱਲ ਤੋਂ ਲਿਆ ਸੰਨਿਆਸ