ਕਿਹਾ-ਖਨੌਰੀ ਸ਼ਹਿਰ ਦੇ ਸਰਵਪੱਖੀ ਵਿਕਾਸ ’ਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਕਮੀ
ਖਨੌਰੀ, 11 ਜਨਵਰੀ : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਬੱਸ ਸਟੈਂਡ ਖਨੌਰੀ ਦੇ ਸੁੰਦਰੀਕਰਨ ਲਈ 62.40 ਲੱਖ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ’ਚ ਬੱਸ ਸਟੈਂਡ ਦੇ ਫਰਸ਼ ਨੂੰ ਉੱਚਾ ਚੁੱਕਣ (ਜਿਥੇ ਬੱਸਾਂ ਖੜ੍ਹਦੀਆਂ ਹਨ) ਅਤੇ ਮੋਟਰਸਾਈਕਲ ਅਤੇ ਕਾਰ ਸਟੈਂਡ ਦੇ ਸ਼ੈੱਡ ’ਚ ਵਾਧਾ ਕਰਨਾ ਸ਼ਾਮਲ ਹੈ।
ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕਿਸੇ ਵੀ ਸ਼ਹਿਰ ਦੀ ਸੁਚੱਜੀ ਆਵਾਜਾਈ ਪ੍ਰਣਾਲੀ ਲਈ ਇਕ ਚੰਗਾ ਅਤੇ ਆਧੁਨਿਕ ਬੱਸ ਸਟੈਂਡ ਬਹੁਤ ਜ਼ਰੂਰੀ ਹੁੰਦਾ ਹੈ। ਬੱਸ ਸਟੈਂਡ ਸ਼ਹਿਰ ਦੀ ਪਛਾਣ ਹੁੰਦਾ ਹੈ ਅਤੇ ਇੱਥੋਂ ਹੀ ਯਾਤਰੀਆਂ ਨੂੰ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸੁਰੱਖਿਅਤ, ਸਹੂਲਤਭਰੀ ਅਤੇ ਸੁਚੱਜੀ ਆਵਾਜਾਈ ਮੁਹੱਈਆ ਕਰਵਾਉਣਾ ਹੈ। ਇਸ ਲਈ ਬੱਸ ਸਟੈਂਡ ’ਚ ਸਾਫ਼-ਸੁਥਰਾ ਵਾਤਾਵਰਨ, ਬੈਠਣ ਲਈ ਉਚਿਤ ਪ੍ਰਬੰਧ, ਪੀਣ ਵਾਲਾ ਸਾਫ਼ ਪਾਣੀ, ਪਖਾਨੇ ਅਤੇ ਸੁਰੱਖਿਆ ਵਰਗੀਆਂ ਬੁਨਿਆਦੀ ਸੁਵਿਧਾਵਾਂ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਵਿਕਾਸ ਕਾਰਜਾਂ ਨਾਲ ਨਾ ਸਿਰਫ਼ ਯਾਤਰੀਆਂ ਨੂੰ ਸੁਵਿਧਾ ਮਿਲੇਗੀ, ਸਗੋਂ ਸ਼ਹਿਰ ਦੀ ਸੁੰਦਰਤਾ ਅਤੇ ਵਪਾਰਕ ਸਰਗਰਮੀਆਂ ਨੂੰ ਵੀ ਉਤਸ਼ਾਹ ਮਿਲੇਗਾ।
ਇਸ ਮੌਕੇ ਮੰਤਰੀ ਗੋਇਲ ਨੇ ਕਿਹਾ ਕਿ ਨਗਰ ਪੰਚਾਇਤ ਖਨੌਰੀ ਦੇ ਕੌਂਸਲਰਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਕੀਤੀਆਂ ਗਈਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਖਨੌਰੀ ਸ਼ਹਿਰ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ, ਕੌਂਸਲਰ ਕ੍ਰਿਸ਼ਨ ਗੋਇਲ, ਕੌਂਸਲਰ ਅੰਕੁਰ ਸਿੰਗਲਾ, ਕੌਂਸਲਰ ਮਹਾਂਵੀਰ ਸਿੰਘ ਠੇਕੇਦਾਰ, ਕੌਂਸਲਰ ਬਲਵਿੰਦਰ ਸਿੰਘ, ਕੌਂਸਲਰ ਹਰਬੰਸ ਲਾਲ, ਕੌਂਸਲਰ ਸੁਭਾਸ਼ ਚੰਦ, ਕੌਂਸਲਰ ਕੁਲਦੀਪ ਸਿੰਘ ਪੂਨੀਆ ਆਦਿ ਹਾਜ਼ਰ ਸਨ।
Read More : ਕਾਂਗਰਸ ਪਾਰਟੀ ਵੱਲੋਂ ਮਨਰੇਗਾ ਬਚਾਓ ਸੰਗਰਾਮ ਦੀ ਸ਼ੁਰੂਆਤ
