– ਛਾਜਲੀ ਵਿੱਚ 2.5 ਕਰੋੜ ਰੁਪਏ ਲਾਗਤ ਵਾਲੇ ਨਹਿਰੀ ਪਾਣੀ ਪ੍ਰੋਜੈਕਟ ਦਾ ਨੀਂਹ ਪੱਥਰ
– 8.81 ਕਰੋੜ ਰੁਪਏ ਦੀ ਲਾਗਤ ਵਾਲੀਆਂ 17.35 ਕਿਲੋਮੀਟਰ ਸੜਕਾਂ ਦੇ ਕੰਮਾਂ ਦੀ ਸ਼ੁਰੂਆਤ
– ਪਿੰਡ ਮੈਦੇਵਾਸ ਵਿੱਚ ਐੱਸ ਸੀ ਭਾਈਚਾਰੇ ਦੀ ਨਵੀਂ ਬਣੀ ਧਰਮਸ਼ਾਲਾ ਦਾ ਉਦਘਾਟਨ
ਦਿੜ੍ਹਬਾ, 14 ਅਕਤੂਬਰ : ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਅੱਜ 11.46 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਉਦਘਾਟਨ ਕੀਤੇ। ਇਨ੍ਹਾਂ ਵਿਕਾਸ ਕੰਮਾਂ ਵਿਚ ਪਿੰਡ ਛਾਜਲੀ ਵਿਖੇ ਨਹਿਰੀ ਪਾਣੀ ਪ੍ਰੋਜੈਕਟ, ਵੱਖ ਵੱਖ ਪਿੰਡਾਂ ਦੀਆਂ ਸੜਕਾਂ ਦਾ ਨੀਂਹ ਪੱਥਰ ਅਤੇ ਪਿੰਡ ਮੈਦੇਵਾਸ ਵਿੱਚ ਐੱਸ ਸੀ ਭਾਈਚਾਰੇ ਦੀ ਨਵੀਂ ਬਣੀ ਧਰਮਸ਼ਾਲਾ ਦਾ ਉਦਘਾਟਨ ਸ਼ਾਮਿਲ ਹਨ।
ਸਮਾਗਮਾਂ ਦੌਰਾਨ ਲੋਕਾਂ ਨੂੰ ਵਧਾਈ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲ ਦੌਰਾਨ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਦ੍ਰਿੜ ਯਤਨਸ਼ੀਲ ਹੈ। ਸੂਬੇ ਦੇ ਲੋਕਾਂ ਨੇ ਉਹਨਾਂ ਨੂੰ ਵਿਕਾਸ ਲਈ ਵੋਟ ਪਾਈ ਸੀ, ਜਿਸ ਕਰ ਕੇ ਪੰਜਾਬ ਸਰਕਾਰ ਲੋਕਾਂ ਦੀ ਉਮੀਦ ਉੱਤੇ ਖਰਾ ਉਤਰਨ ਲਈ ਹਰ ਯਤਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿੰਡ ਛਾਜਲੀ ਵਿੱਚ 2.5 ਕਰੋੜ ਰੁਪਏ ਲਾਗਤ ਵਾਲੇ ਨਹਿਰੀ ਪਾਣੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜਿਸ ਤਹਿਤ 13 ਕਿਲੋਮੀਟਰ ਲੰਮੀ ਪਾਈਪ ਲਾਈਨ ਪਾ ਕੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਇਸ ਇਲਾਕੇ ਦੇ ਰਕਬੇ ਨੂੰ ਟਿਊਬਵੈੱਲ ਨਾਲ ਪਾਣੀ ਮਿਲਦਾ ਹੈ ਪਰ ਪਾਣੀ ਡੂੰਘੇ ਹੋਣ ਕਾਰਨ ਹੁਣ ਇਹ ਟਿਊਬਵੈੱਲ ਲਗਭਗ ਨਕਾਰਾ ਹੋ ਚੁੱਕੇ ਹਨ। ਫ਼ਸਲ ਨੂੰ ਪਾਣੀ ਦੇਣ ਲਈ ਕਿਸਾਨਾਂ ਨੂੰ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ।
ਇਸੇ ਤਰ੍ਹਾਂ 8.81 ਕਰੋੜ ਰੁਪਏ ਦੀ ਲਾਗਤ ਵਾਲੀਆਂ 17.35 ਕਿਲੋਮੀਟਰ ਸੜਕਾਂ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪਿੰਡ ਢਢਿਆਲ ਤੋਂ ਪਾਤੜਾਂ (4 ਕਿਲੋਮੀਟਰ) ਸੜਕ ਨੂੰ ਅੱਪ ਗਰੇਡ ਕਰਕੇ 18 ਫੁੱਟ ਚੌੜਾ ਕੀਤਾ ਜਾਣਾ ਹੈ। ਇਸੇ ਤਰ੍ਹਾਂ ਪਿੰਡ ਢਢਿਆਲ ਤੋਂ ਹਰਿਆਓ (4.25 ਕਿਲੋਮੀਟਰ), ਪਿੰਡ ਢਢਿਆਲ ਤੋਂ ਸ਼ਾਦੀਹਰੀ (3.10 ਕਿਲੋਮੀਟਰ), ਪਿੰਡ ਢਢਿਆਲ ਤੋਂ ਚੁਨਾਗਰਾ (3 ਕਿਲੋਮੀਟਰ) ਅਤੇ ਪਿੰਡ ਖੇਤਲਾ ਤੋਂ ਕਾਕੂਵਾਲਾ (3 ਕਿਲੋਮੀਟਰ) ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ।
ਇਸੇ ਤਰ੍ਹਾਂ ਪਿੰਡ ਮੈਦੇਵਾਸ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਐੱਸ ਸੀ ਭਾਈਚਾਰੇ ਦੀ ਨਵੀਂ ਬਣੀ ਧਰਮਸ਼ਾਲਾ ਦਾ ਲੋਕ ਅਰਪਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹਨਾਂ ਵਿਕਾਸ ਕਾਰਜਾਂ ਉੱਤੇ 11 ਕਰੋੜ 46 ਲੱਖ 60 ਹਜ਼ਾਰ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਬਹੁਤ ਜਲਦੀ ਮੁਕੰਮਲ ਹੋ ਜਾਣਗੇ।
ਇਸ ਮੌਕੇ ਐੱਸ ਡੀ ਐੱਮ ਦਿੜ੍ਹਬਾ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ, ਪ੍ਰੀਤਮ ਸਿੰਘ ਪੀਤੂ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ, ਤਪਿੰਦਰ ਸਿੰਘ ਸੋਹੀ ਓ ਐਸ ਡੀ ਵਿੱਤ ਮੰਤਰੀ, ਸ਼੍ਰੀਮਤੀ ਜਸਵੀਰ ਕੌਰ ਸ਼ੇਰਗਿੱਲ ਚੇਅਰਪਰਸਨ ਮਾਰਕੀਟ ਕਮੇਟੀ ਦਿੜ੍ਹਬਾ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।
Read More : ਦਿੜ੍ਹਬਾ ਨੂੰ ਮਿਲੀ ਫਾਇਰ ਬ੍ਰਿਗੇਡ ਦੀ ਸਹੂਲਤ