check post

ਵੱਡੀ ਵਾਰਦਾਤ : ਡਿਊਟੀ ‘ਤੇ ਤਾਇਨਾਤ ਏ.ਐੱਸ.ਆਈ ਅਤੇ ਹੋਮਗਾਰਡ ਜਵਾਨ ਦਾ ਗੋਲੀਆਂ ਮਾਰ ਕੇ ਕਤਲ

ਸਰਹੱਦ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ‘ਅਦੀਆਂ’ ਪੁਲਿਸ ਚੌਕੀ ‘ਚ ਵਾਪਰੀ ਖ਼ੂਨੀ ਘਟਨਾ; ਪੁਲਿਸ ਤੇ BSF ਵੱਲੋਂ ਸਾਂਝੀ ਜਾਂਚ ਸ਼ੁਰੂ

ਗੁਰਦਾਸਪੁਰ, 22 ਫਰਵਰੀ : ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਸਥਿਤ ਸੈਕੰਡ ਡਿਫੈਂਸ ਆਫ ਲਾਈਨ ਦੀ ‘ਅਦੀਆਂ’ ਪੁਲਿਸ ਚੌਕੀ ਵਿੱਚ ਅੱਜ ਉਸ ਵੇਲੇ ਮਾਤਮ ਛਾ ਗਿਆ, ਜਦੋਂ ਉੱਥੇ ਤਾਇਨਾਤ ਦੋ ਪੁਲਿਸ ਜਵਾਨਾਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਬਰਾਮਦ ਹੋਈਆਂ। ਮ੍ਰਿਤਕਾਂ ਦੀ ਪਛਾਣ ਪੰਜਾਬ ਪੁਲਿਸ ਦੇ ਏ.ਐਸ.ਆਈ. ਕਮਾਂਡੋ ਗੁਰਨਾਮ ਸਿੰਘ ਅਤੇ ਹੋਮਗਾਰਡ ਜਵਾਨ ਅਸ਼ੋਕ ਕੁਮਾਰ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 1 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਰਹੱਦ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ਸਥਿਤ ਚੌਕੀ ਅੰਦਰ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਕਰੀਬ 6 ਗੋਲੀਆਂ ਚਲਾਈਆਂ। ਹਮਲਾ ਇੰਨਾ ਅਚਾਨਕ ਸੀ ਕਿ ਜਵਾਨਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ। ਘਟਨਾ ਤੋਂ ਬਾਅਦ ਜਦੋਂ ਪਿੰਡ ਦੇ ਮੁਖੀ ਕਮਲਜੀਤ ਸਿੰਘ ਚੌਕੀ ‘ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਏ.ਐਸ.ਆਈ. ਦੀ ਲਾਸ਼ ਕੁਰਸੀ ‘ਤੇ ਅਤੇ ਹੋਮਗਾਰਡ ਜਵਾਨ ਦੀ ਲਾਸ਼ ਮੰਜੇ ‘ਤੇ ਪਈ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਗੁਰਦਾਸਪੁਰ ਦੇ ਐਸ.ਐਸ.ਪੀ. ਆਦਿੱਤਿਆ ਅਤੇ ਬੀ.ਐਸ.ਐਫ. (BSF) ਦੇ ਡੀ.ਆਈ.ਜੀ. ਜੇ.ਕੇ. ਵਿਰਦੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ।

ਜਾਂਚ ਦੇ ਮੁੱਖ ਨੁਕਤੇ

ਅਣਪਛਾਤੇ ਹਮਲਾਵਰ : ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਆਂ ਕਿਸ ਨੇ ਚਲਾਈਆਂ ਅਤੇ ਹਮਲਾਵਰਾਂ ਦਾ ਮਕਸਦ ਕੀ ਸੀ।

ਸੁਰੱਖਿਆ ਘੇਰਾ: ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਸਰਹੱਦੀ ਖੇਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਈ ਅਲਰਟ: ਸਰਹੱਦ ਦੇ ਇੰਨੇ ਨਜ਼ਦੀਕ ਪੁਲਿਸ ਜਵਾਨਾਂ ਦਾ ਕਤਲ ਹੋਣਾ ਸੁਰੱਖਿਆ ਦੇ ਲਿਹਾਜ਼ ਨਾਲ ਵੱਡੀ ਚਿੰਤਾ ਦਾ ਵਿਸ਼ਾ ਹੈ, ਜਿਸ ਕਾਰਨ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Read More : ਅੰਮ੍ਰਿਤਸਰ ‘ਚ ਮੁੱਖ ਮੰਤਰੀ ਨਾਇਬ ਸੈਣੀ ਦਾ ਵਿਰੋਧ; ‘ਆਪ’ ਆਗੂਆਂ ਨੇ ਦਿਖਾਏ ਕਾਲੇ ਝੰਡੇ

Leave a Reply

Your email address will not be published. Required fields are marked *