ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਬਿਜਲੀ ਤੇ ਤੇਲ ਬਚਾਉਣ ਲਈ ਵੱਡੇ ਫੈਸਲੇ; ਮੰਤਰੀਆਂ ਦੀਆਂ ਤਨਖਾਹਾਂ ਅਤੇ ਸਰਕਾਰੀ ਤੇਲ ਖਪਤ ‘ਚ ਵੀ ਕੀਤੀ ਭਾਰੀ ਕਟੌਤੀ
ਇਸਲਾਮਾਬਾਦ, 7 ਅਪ੍ਰੈਲ : ਪਾਕਿਸਤਾਨ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਆਰਥਿਕ ਅਤੇ ਊਰਜਾ ਸੰਕਟ ਨਾਲ ਜੂਝ ਰਿਹਾ ਹੈ। ਮੱਧ ਪੂਰਬ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨੇ ਪਾਕਿਸਤਾਨ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਭਰ ਵਿੱਚ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਸਰਕਾਰੀ ਹੁਕਮਾਂ ਅਨੁਸਾਰ 7 ਅਪ੍ਰੈਲ ਤੋਂ ਦੇਸ਼ ਦੇ ਸਾਰੇ ਸ਼ਾਪਿੰਗ ਮਾਲ ਅਤੇ ਬਾਜ਼ਾਰ ਰਾਤ 8 ਵਜੇ ਬੰਦ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟ ਅਤੇ ਵਿਆਹ ਸਮਾਰੋਹਾਂ ਲਈ ਰਾਤ 10 ਵਜੇ ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਊਰਜਾ ਦੀ ਬਚਤ ਲਈ ਸਰਕਾਰੀ ਵਾਹਨਾਂ ਵਿੱਚ ਤੇਲ ਦੀ ਖਪਤ 60 ਫੀਸਦੀ ਤੱਕ ਘਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਰਕਾਰ ਨੇ ਨਾ ਸਿਰਫ਼ ਜਨਤਾ ‘ਤੇ ਪਾਬੰਦੀਆਂ ਲਗਾਈਆਂ ਹਨ, ਸਗੋਂ ਮੰਤਰੀਆਂ ਦੀਆਂ ਤਨਖਾਹਾਂ ਵਿੱਚ ਵੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਆਮ ਲੋਕਾਂ ਵਿੱਚ ਇਨ੍ਹਾਂ ਪਾਬੰਦੀਆਂ ਨੂੰ ਲੈ ਕੇ ਕਾਫੀ ਚਰਚਾ ਹੈ ਅਤੇ ਕਈ ਲੋਕ ਇਸ ਦੀ ਤੁਲਨਾ ‘ਲੌਕਡਾਊਨ’ ਵਰਗੀ ਸਥਿਤੀ ਨਾਲ ਕਰ ਰਹੇ ਹਨ।
ਪਾਕਿਸਤਾਨੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਨ੍ਹਾਂ ਕਦਮਾਂ ਨਾਲ ਬਿਜਲੀ ਅਤੇ ਤੇਲ ਦੀ ਬਚਤ ਹੋਵੇਗੀ, ਜਿਸ ਨਾਲ ਦੇਸ਼ ਦੇ ਡਿੱਗ ਰਹੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਕੁਝ ਰਾਹਤ ਮਿਲ ਸਕਦੀ ਹੈ।
Read More : ਕਿਸਾਨਾਂ ਦੀ ਮਦਦ ਲਈ ਅਕਾਲੀ ਦਲ ਉਲੀਕੇਗਾ ਵਿਸ਼ੇਸ਼ ਪ੍ਰੋਗਰਾਮ : ਸੁਖਬੀਰ ਬਾਦਲ
