ਨਾਭਾ ਦੀ ਨਵੀਂ ਜ਼ਿਲਾ ਜੇਲ ਭੇਜਿਆ
ਨਾਭਾ, 6 ਜੁਲਾਈ : ਪੰਜਾਬ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਗ੍ਰਿਫ਼ਤਾਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੁਲਸ ਰਿਮਾਂਡ ਖਤਮ ਹੋਣ ਉਪਰੰਤ ਅੱਜ ਮੋਹਾਲੀ ਕੋਰਟ ਵੱਲੋਂ 14 ਦਿਨ ਲਈ ਨਿਆਇਕ ਹਿਰਾਸਤ ’ਚ ਭੇਜਣ ਦਾ ਹੁਕਮ ਦਾ ਦਿੱਤਾ ਗਿਆ ਸੀ। ਨਾਭਾ ਜੇਲ ਦੀ ਕੁਝ ਦੂਰੀ ’ਤੇ ਪੁਲਸ ਪ੍ਰਸ਼ਾਸਨ ਵੱਲੋਂ ਦੋਵੇਂ ਪਾਸਿਓਂ ਬੈਰੀਕੇਡ ਲਾ ਕੇ ਨਾਕਾਬੰਦੀ ਕੀਤੀ ਗਈ। ਅਕਾਲੀ ਆਗੂ ਮਜੀਠੀਆ ਨੂੰ ਪੁਲਸ ਦੁਪਹਿਰ ਕਰੀਬ ਸਵਾ 1 ਵਜੇ ਨਾਭਾ ਦੀ ਨਵੀਂ ਜ਼ਿਲਾ ਜੇਲ ’ਚ ਪਹੁੰਚੀ।
ਜਦੋਂ ਮਜੀਠੀਆ ਨੂੰ ਲੈ ਕੇ ਪੁਲਸ ਦੀਆਂ ਗੱਡੀਆਂ ਦਾ ਕਾਫਲਾ ਨਾਭਾ ਜੇਲ ਦੇ ਬਾਹਰ ਪਹੁੰਚਿਆ ਤਾਂ ਅਕਾਲੀ ਵਰਕਰਾਂ ਨੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੱਖਣ ਲਾਲਕਾ ਨੇ ਕਿਹਾ ਕਿ ਮਜੀਠੀਆ ਦੇ ਨਾਂ ਤੋਂ ਸਰਕਾਰ ਪੂਰੀ ਤਰ੍ਹਾਂ ਡਰ ਰਹੀ ਹੈ ਅਤੇ ਘਬਰਾ ਚੁੱਕੀ ਹੈ। ਉਨ੍ਹਾਂ ਨੂੰ ਜਾਣ ਬੁਝ ਕੇ ਝੂਠੇ ਕੇਸ ’ਚ ਫਸਾਇਆ ਜਾ ਰਿਹਾ।
ਨਾਭਾ ਜੇਲ ’ਚ ਰਹਿ ਚੁੱਕੇ ਹਨ ਵੱਡੇ-ਵੱਡੇ ਸਿਆਸੀ ਆਗੂ
ਪੰਜਾਬ ਹੀ ਨਹੀਂ,ਬਲਕਿ ਦੇਸ਼ ਦੀਆਂ ਨਾਮੀ ਸਿਆਸਤ ਨਾਲ ਜੁੜੀਆਂ ਵੱਡੀਆਂ ਸਖਸ਼ੀਅਤਾਂ ਦਾ ਨਾਭਾ ਜੇਲ ਨਾਲ ਗੂੜਾ ਸਬੰਧ ਰਿਹਾ ਹੈ। ਅਕਸਰ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਜੁਡੀਸ਼ੀਅਲ ਹਿਰਾਸਤ ਦੌਰਾਨ ਨਾਭਾ ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲਾ ਜੇਲ ਵਿਖੇ ਰੱਖਿਆ ਜਾਂਦਾ ਹੈ।
ਅੱਜ ਬਿਕਰਮ ਮਜੀਠੀਆ ਨੂੰ ਜਿੱਥੇ ਨਾਭਾ ਜੇਲ ’ਚ ਲਿਆਂਦਾ ਗਿਆ ਹੈ, ਉੱਥੇ ਹੀ ਜਲੰਧਰ ਤੋਂ ਵਿਧਾਇਕ ਰਮਨ ਅਰੋੜਾ ਵੀ ਨਾਭਾ ਜੇਲ ’ਚ ਹੀ ਬੰਦ ਹਨ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਕਿੱਕੀ ਢਿੱਲੋਂ ਵੀ ਨਾਭਾ ਜੇਲ ’ਚ ਰਹਿ ਚੁੱਕੇ ਹਨ।
ਇਸੇ ਤਰ੍ਹਾਂ ਜੈਤੋ ਦੇ ਮੋਰਚੇ ਦੌਰਾਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੀ ਨਾਭਾ ਜੇਲ ’ਚ ਬੰਦ ਰਹੇ ਸਨ। ਜ਼ਿਕਰਯੋਗ ਹੈ ਕਿ ਜਿਸ ਸਮੇਂ ਬਿਕਰਮ ਮਜੀਠੀਆ ਨੂੰ ਨਾਭਾ ਜੇਲ ਲਿਆਂਦਾ ਗਿਆ ਤਾਂ ਪੁਲਸ ਪ੍ਰਸ਼ਾਸਨ ਵੱਲੋਂ ਤਕੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਮੀਡੀਆ ਨੂੰ ਵੀ ਜੇਲ ਦੇ ਮੇਨ ਗੇਟ ਤੋਂ ਬਹੁਤ ਦੂਰ ਰੱਖਿਆ ਗਿਆ।
Read More : ਫੁੱਫੜ ਨੇ ਨਾਬਾਲਿਗ ਭਤੀਜੀ ਨਾਲ ਕੀਤਾ ਜਬਰ-ਜ਼ਨਾਹ