Naveen Arora murder case

ਨਵੀਨ ਅਰੋੜਾ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਪੁਲਸ ਮੁਕਾਬਲੇ ਦੌਰਾਨ ਗ੍ਰਿਫਤਾਰ

ਪੁਲਸ ਦੀ ਜਵਾਬੀ ਕਾਰਵਾਈ ’ਚ 3 ਗੋਲੀਆਂ ਲੱਗਣ ਕਾਰਨ ਜ਼ਖਮੀ, ਪਿਸਤੌਲ ਬਰਾਮਦ

ਫਿਰੋਜ਼ਪੁਰ, 20 ਨਵੰਬਰ –ਫਿਰੋਜ਼ਪੁਰ ਸ਼ਹਿਰ ’ਚ 15 ਨਵੰਬਰ ਦੀ ਸ਼ਾਮ ਨੂੰ ਨੌਜਵਾਨ ਆਰ. ਐੱਸ. ਐੱਸ. ਵਰਕਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਮੁੱਖ ਸਾਜ਼ਿਸ਼ਕਰਤਾ ਗੁਰਸਿਮਰਨ ਉਰਫ ਜਤਿਨ ਉਰਫ ਕਾਲਾ ਨੂੰ ਫਿਰੋਜ਼ਪੁਰ ਪੁਲਸ ਨੇ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ, ਜਿਸ ਕੋਲੋਂ ਇਕ .32 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ।

ਜਤਿਨ ਕਾਲਾ ਨੇ ਪੁਲਸ ਨਾਕੇ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ’ਤੇ ਗੋਲੀਆਂ ਚਲਾਈਆਂ। ਪੁਲਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਜਤਿਨ 3 ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ।

ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਸ ਦੀਆਂ ਵੱਖ-ਵੱਖ ਟੀਮਾਂ ਕਾਤਲਾਂ ਨੂੰ ਫੜਨ ਲਈ ਕਾਰਵਾਈ ’ਚ ਲੱਗੀਆਂ ਹੋਈਆਂ ਹਨ। ਕੱਲ ਫਿਰੋਜ਼ਪੁਰ ਪੁਲਸ ਨੇ ਬਸਤੀ ਭੱਟੀਆਂਵਾਲੀ ਦੇ ਰਹਿਣ ਵਾਲੇ ਹੱਤਿਆਰੇ ਹਰਸ਼ ਅਤੇ ਕਨਵ ਨੂੰ ਗ੍ਰਿਫਤਾਰ ਕੀਤਾ ਸੀ, ਜੋ ਨਵੀਨ ਅਰੋੜਾ ਨੂੰ ਮਾਰਨ ਵਾਲੇ ਗਿਰੋਹ ਦਾ ਹਿੱਸਾ ਸਨ। ਪੁਲਸ ਨੂੰ ਇਕ ਸੂਚਨਾ ਮਿਲੀ ਸੀ ਕਿ ਨਵੀਨ ਅਰੋੜਾ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਅਤੇ ਗਿਰੋਹ ਦਾ ਸਰਗਣਾ ਗੁਰਸਿਮਰਨ ਉਰਫ ਜਤਿਨ ਉਰਫ ਕਾਲਾ ਮੋਟਰਸਾਈਕਲ ’ਤੇ ਘੁੰਮ ਰਿਹਾ ਹੈ।

ਇਸ ਤੋਂ ਬਾਅਦ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ, ਡੀ. ਐੱਸ. ਪੀ. ਡਿਟੈਕਟਿਵ ਬਰਜਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਪੁਲਸ ਵੱਲੋਂ ਦੱਸੇ ਗਏ ਇਲਾਕੇ ’ਚ ਤੁਰੰਤ ਨਾਕਾਬੰਦੀ ਕੀਤੀ ਗਈ। ਜਦੋਂ ਪੁਲਸ ਪਾਰਟੀ ਨੇ ਜਤਿਨ ਉਰਫ ਕਾਲਾ ਨੂੰ ਮੋਟਰਸਾਈਕਲ ’ਤੇ ਆਉਂਦੇ ਦੇਖਿਆ ਤਾਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਰੁਕਿਆ ਨਹੀਂ।

ਪੁਲਸ ਨੇ ਜਦੋਂ ਉਸ ਦਾ ਪਿੱਛਾ ਕੀਤਾ ਤਾਂ ਜਤਿਨ ਨੇ ਪੁਲਸ ’ਤੇ ਗੋਲੀਆਂ ਚਲਾਈਆਂ ਅਤੇ ਇਕ ਗੋਲੀ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਦੀ ਕਾਰ ਦੀ ਅਗਲੇ ਸ਼ੀਸ਼ੇ ’ਤੇ ਲੱਗੀ ਪਰ ਡਰਾਈਵਰ ਵਾਲ-ਵਾਲ ਬਚ ਗਿਆ। ਪੁਲਸ ਦੀ ਜਵਾਬੀ ਕਾਰਵਾਈ ’ਚ ਜਤਿਨ ਕਾਲਾ 3 ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਕੇ ਡਿੱਗ ਗਿਆ।

ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਅਤੇ ਐੱਸ. ਪੀ. ਇਨਵੈਸਟੀਗੇਸ਼ਨ ਮਨਜੀਤ ਸਿੰਘ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਜਤਿਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਟੀਮਾਂ ਇਸ ਹੱਤਿਆਕਾਂਡ ’ਚ ਸ਼ਾਮਲ ਬਾਦਲ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

Read More : ਪਰਿਣੀਤੀ ਅਤੇ ਰਾਘਵ ਨੇ ਪਹਿਲੀ ਵਾਰ ਪੁੱਤਰ ਦੀ ਝਲਕ ਕੀਤੀ ਸਾਂਝੀ

Leave a Reply

Your email address will not be published. Required fields are marked *