ਪਟਿਆਲਾ, 5 ਅਕਤੂਬਰ : ਲੋਕ ਸਭਾ ਹਲਕਾ ਪਟਿਆਲਾ ਦੇ ਐੱਮ. ਪੀ. ਡਾ. ਧਰਮਵੀਰ ਗਾਂਧੀ ਵੱਲੋਂ ਪਟਿਆਲਾ ਤੋਂ ‘ਵੋਟ ਚੋਰ, ਗੱਦੀ ਛੋੜ’ ਦਸਤਖਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਮਕਸਦ ਭਾਰਤ ਦੀ ਚੋਣ ਪ੍ਰਣਾਲੀ ਦੀ ਪਾਰਦਰਸ਼ਤਾ ਤੇ ਸੱਚਾਈ ਨੂੰ ਮਜ਼ਬੂਤ ਕਰਨਾ ਹੈ।
ਇਹ ਮੁਹਿੰਮ ਕਾਂਗਰਸ ਦੇ ਉੱਚ ਆਗੂਆਂ ਦੇ ਦਿਸ਼ਾ-ਨਿਰਦੇਸ਼ ਹੇਠ ਸੂਬੇ ਭਰ ’ਚ ਲੋਕਾਂ ਨੂੰ ਵੋਟਰ ਲਿਸਟਾਂ ਵਿਚ ਕੀਤੀ ਜਾ ਰਹੀ ਹੇਰਾ-ਫੇਰੀ ਅਤੇ ਹੋਰ ਚੋਣੀ ਗੜਬੜਾਂ ਖਿਲਾਫ ਜਾਗਰੁੂਕ ਕਰਨ ਲਈ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਐੱਮ. ਪੀ. ਡਾ. ਗਾਂਧੀ ਨੇ ਕਿਹਾ ਕਿ ਜਦੋਂ ਚੋਣਾਂ ਝੂਠੇ ਵੋਟਾਂ ਜਾਂ ਹਟਾਏ ਗਏ ਨਾਮਾਂ ਕਾਰਨ ਪ੍ਰਭਾਵਿਤ ਹੁੰਦੀਆਂ ਹਨ ਤਾਂ ਲੋਕਤੰਤਰ ਦੀ ਮੌਲਿਕ ਭਾਵਨਾ ਖਤਮ ਹੋ ਜਾਂਦੀ ਹੈ। ਉਨ੍ਹਾਂ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਹਰ ਚੋਣ ਤੋਂ ਪਹਿਲਾਂ ਵੋਟਰ ਲਿਸਟਾਂ ਸਾਫ, ਪੜ੍ਹਣਯੋਗ ਅਤੇ ਫੋਟੋਆਂ ਸਮੇਤ ਜਨਤਾ ਲਈ ਉਪਲੱਬਧ ਕਰਵਾਈਆਂ ਜਾਣ।
ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਵੋਟਰਾਂ ਦੇ ਨਾਂ ਗਲਤੀ ਨਾਲ ਲਿਸਟਾਂ ਤੋਂ ਹਟਾਏ ਗਏ ਹਨ, ਉਨ੍ਹਾਂ ਲਈ ਇਕ ਸਪੱਸ਼ਟ ਤੇ ਸੁਚਾਰੂ ਪ੍ਰਕਿਰਿਆ ਬਣਾਈ ਜਾਵੇ ਅਤੇ ਜਿਨ੍ਹਾਂ ਅਧਿਕਾਰੀਆਂ ਵੱਲੋਂ ਜਾਣਬੁਝ ਕੇ ਵੋਟਰਾਂ ਨਾਲ ਧੋਖਾ ਕੀਤਾ ਗਿਆ ਹੈ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਡਾ. ਗਾਂਧੀ ਨੇ ਐਲਾਨ ਕੀਤਾ ਕਿ ਇਸ ਮੁਹਿੰਮ ਤਹਿਤ ਸੂਬੇ ਭਰ ਤੋਂ ਵੋਟਰਾਂ ਦੇ ਦਸਤਖਤ ਇਕੱਠੇ ਕਰ ਕੇ ਚੋਣ ਕਮਿਸ਼ਨ ਆਫ ਇੰਡੀਆ ਨੂੰ ਸੌਂਪੇ ਜਾਣਗੇ ਤਾਂ ਜੋ ਇਮਾਨਦਾਰ ਤੇ ਨਿਰਪੱਖ ਚੋਣਾਂ ਲਈ ਲੋਕਾਂ ਦੀ ਮੰਗ ਨੂੰ ਮਜ਼ਬੂਤੀ ਮਿਲੇ।
ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਕੁਮਾਰ ਦੁੱਗਲ, ਐਮ. ਪੀ. ਡਾ. ਧਰਮਵੀਰ ਗਾਂਧੀ ਦੇ ਰਾਜਨੀਤਕ ਸਲਾਹਕਾਰ ਡਾ. ਨਰਿੰਦਰ ਸਿੰਘ ਸੰਧੂ, ਡਾ. ਗਾਂਧੀ ਦੇ ਪੀ. ਏ. ਪ੍ਰੋ. ਜਸਵੰਤ ਸਿੰਘ ਸਰਾਓ, ਅਵਤਾਰ ਸਿੰਘ ਨਾਭਾ, ਕੁਲਵੰਤ ਸਿੰਘ ਨਾਰੀਕੇ, ਗੌਰਵ ਸੰਧੂ, ਜੀਵਨ, ਲਖਵਿੰਦਰ ਸਿੰਘ ਲੱਖਾ, ਸੋਹਨ ਦਾਸ, ਅਰੁਣ, ਲਲਿਤ ਕੁਮਾਰ, ਵਿਕਾਸ ਗਿੱਲ ਆਦਿ ਹਾਜ਼ਰ ਸਨ।
Read More : 2 ਸਾਲਾਂ ‘ਚ ਟਰਾਂਸਪੋਰਟ ਵਿਭਾਗ ਨੇ 27,500 ਡਰਾਈਵਰਾਂ ਨੂੰ ਸਿਖਲਾਈ ਦਿੱਤੀ : ਭੁੱਲਰ